ਮੇਰੀ ਮਾਂ ਮੇਰਾ ਰੱਬ
ਮੈਨੂੰ ਕਿਸੇ ਐਸੀ ਔਰਤ ਬਾਰੇ ਸੋਚਣ ਲਈ ਕਿਹਾ ਗਿਆ ਜਿਸ ਦੀ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਅਹਿਮੀਅਤ ਹੈ।
ਮੈਂ ਆਪਣੀ ਮਾਂ ਬਾਰੇ ਸੋਚਿਆ। ਮੈਨੂੰ ਕਿਹਾ ਗਿਆ ਕਿ ਆਪਣੀ ਮਾਂ ਦੀ ਤਸਵੀਰ ਨੂੰ ਵੇਖ ਕੇ ਤੇਰੇ ਮਨ ਵਿੱਚ ਆਉਂਦੇ ਪਹਿਲੇ ਖ਼ਿਆਲ ਨੂੰ ਤੂੰ ਲਿਖਣਾ ਹੈ। ਉਸੇ ਖ਼ਿਆਲ ਨੂੰ ਹੁਣ ਮੈਂ ਪੰਨੇ ਉੱਤੇ ਉਤਾਰਨ ਦੀ ਕੋਸ਼ਿਸ਼ ਕਰਨ ਲੱਗਿਆ ਹਾਂ। ਮੈਂ ਆਪਣੇ ਮੋਬਾਈਲ ਫ਼ੋਨ ‘ਤੇ ਆਪਣੀ ਮਾਂ ਦੀ ਤਸਵੀਰ ਵੇਖ ਰਿਹਾ ਹਾਂ ਅਤੇ ਸੱਜੇ ਹੱਥ ਨਾਲ ਲਿਖ ਰਿਹਾ ਹਾਂ। ਪਿਛਲੇ ਤਿੰਨ-ਚਾਰ ਮਿੰਟ ਮੈਂ ਮਾਂ ਦੀ ਤਸਵੀਰ ਵੇਖਦਾ ਅਤੇ ਸੋਚਦਾ ਰਿਹਾ ਕਿ ਇਸ ਨੂੰ ਵੇਖ ਕੇ ਮਨ ਵਿੱਚ ਕਿਹੜਾ ਖ਼ਿਆਲ ਪੈਦਾ ਹੋ ਰਿਹਾ ਹੈ? ਸੱਚ ਇਹ ਹੈ ਕਿ ਤਿੰਨ-ਚਾਰ ਮਿੰਟ ਮਾਂ ਦੀ ਤਸਵੀਰ ਸਿਰਫ਼ ਵੇਖਦਾ ਹੀ ਰਿਹਾ, ਮਨ ਵਿੱਚ ਕੋਈ ਖ਼ਿਆਲ ਪੈਦਾ ਨਹੀਂ ਹੋਇਆ। ਬਸ ਤਸਵੀਰ ਨੂੰ ਵੇਖੀ ਜਾ ਰਿਹਾ ਸੀ। ਕੁਝ ਸਮੇਂ ਲਈ ਭੁੱਲ ਗਿਆ ਕਿ ਤਸਵੀਰ ਨੂੰ ਵੇਖ ਕੇ ਮੈਂ ਕੁਝ ਲਿਖਣਾ ਵੀ ਹੈ। ਹੱਥ ਅਤੇ ਦਿਮਾਗ਼ ਜਿਉਂ ਕੰਮ ਕਰਨਾ ਬੰਦ ਕਰ ਗਏ ਹੋਣ। ਪਲਕਾਂ ਵੀ ਝਪਕ ਨਹੀਂ ਰਹੀਆਂ ਸਨ, ਮੈਂ ਟਿਕਟਿਕੀ ਲਾ ਕੇ ਸਿਰਫ਼ ਤਸਵੀਰ ਨੂੰ ਵੇਖੀ ਜਾ ਰਿਹਾ ਸੀ। ਹੁਣ ਮੈਂ ਤਸਵੀਰ ਨੂੰ ਦੂਜੀ ਵਾਰ ਵੇਖ ਰਿਹਾ ਹਾਂ ਅਤੇ ਮਨ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਇਹ ਮੇਰੀ ਮਾਂ ਕੈਸੀ ਹੈ। ਰੱਬ ਨੇ ਇਸ ਨੂੰ ਕਿਹੋ ਜਿਹੀ ਬਣਾਇਆ ਹੈ। ਬਹੁਤ ਚੰਗੀ ਹੈ, ਰੱਬ ਵਰਗੀ, ਪਰ ਮੇਰੇ ਲਈ, ਆਪਣੇ ਪਤੀ ਲਈ, ਆਪਣੀ ਧੀ ਲਈ, ਆਪਣੇ ਪਰਿਵਾਰ ਲਈ। ਦੁਨੀਆਂ ਲਈ ਤਾਂ ਲੋਕਾਂ ਵਰਗੀ ਹੀ ਹੈ, ਕਈ ਗੱਲਾਂ ‘ਚ ਚੰਗੀ, ਕਈ ਗੱਲਾਂ ‘ਚ ਮਾੜੀ। ਪਰ ਮੇਰੇ ਲਈ ਮਾੜੀ ਕਿਉਂ ਨਹੀਂ ਹੈ? ਸ਼ਾਇਦ ਇਸ ਦੀ ਜ਼ਿੰਦਗੀ ਵਿੱਚ ਮੇਰੀ ਅਹਿਮੀਅਤ ਮੇਰੀ ਜ਼ਿੰਦਗੀ ਵਿੱਚ ਇਸ ਦੀ ਅਹਿਮੀਅਤ ਨਾਲੋਂ ਵੀ ਜ਼ਿਆਦਾ ਹੈ, ਤਾਂ ਕਰਕੇ। ਜਿਹੜੀ ਤਸਵੀਰ ਮੈਂ ਹੁਣ ਵੇਖ ਰਿਹਾ ਹਾਂ ਉਸ ਵਿੱਚ ਨਿੰਮਾ ਨਿੰਮਾ ਮੁਸਕਰਾ ਰਹੀ ਹੈ। ਮਾਂ ਦੇ ਚਿਹਰੇ ਉੱਤੇ ਥੋੜ੍ਹੀ ਜਿਹੀ ਮੁਸਕਾਨ ਵੇਖ ਕੇ ਥੋੜ੍ਹੀ ਤਾਂ ਮੇਰੇ ਚਿਹਰੇ ‘ਤੇ ਵੀ ਆਪਣੇ ਆਪ ਹੀ ਆ ਗਈ। ਨੀਝ ਲਾ ਕੇ ਮਾਂ ਦੀਆਂ ਅੱਖਾਂ ਦੇਖਦਿਆਂ ਇਉਂ ਲੱਗਦਾ ਏ ਜਿਵੇਂ ਸ਼ਾਖ਼ਸਾਤ ਮੈਨੂੰ ਵੇਖ ਰਹੀ ਹੋਵੇ। ਮਾਂ ਦੇ ਚਿਹਰੇ ‘ਤੇ ਦਿਸਦਾ ਬੇਹੱਦ ਭੋਲਾਪਣ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਤਸਵੀਰ ਵਿੱਚ ਵੀ ਮੇਰੀ ਚਿੰਤਾ ਕਰ ਰਹੀ ਹੈ। ਖ਼ੈਰ, ਇਸ ਤਸਵੀਰ ਨੂੰ ਹਟਾ ਕੇ ਫੋਨ ਬੰਦ ਕਰਕੇ ਪਾਸੇ ਰੱਖ ਦਿੰਦਾ ਹਾਂ। ਆਪਣੇ ਮਨ ਵਿੱਚ ਮਾਂ ਦਾ ਚਿਹਰਾ ਬਣਾਉਣ ਦੀ ਕੋਸ਼ਿਸ ਕਰਦਾ ਹਾਂ। ਕਈ ਤਰਾਂ ਦੇ ਹਾਵ-ਭਾਵ ਸਾਹਮਣੇ ਆਉਂਦੇ ਨੇ, ਹੱਸਦੀ, ਖ਼ੁਸ਼ ਹੁੰਦੀ, ਚਿੰਤਾ ਕਰਦੀ, ਥੋੜ੍ਹਾ ਜਿਹਾ ਮੁਸਕੁਰਾਉਂਦੀ, ਖੁੱਲ੍ਹ ਕੇ ਹੱਸਦੀ, ਹੈਰਾਨ ਹੁੰਦੀ, ਉਦਾਸ ਬੈਠੀ, ਨਾਰਾਜ਼ ਹੁੰਦੀ, ਮਮਤਾ ਲੁਟਾਉਂਦੀ, ਰੋਟੀ ਬਣਾਉਂਦੀ, ਗਰਮੀ ਵਿੱਚ ਚੁੰਨੀ ਦੇ ਪੱਲੇ ਨਾਲ ਮੂੰਹ ਤੋਂ ਪਸੀਨਾ ਪੂੰਝਦੀ, ਸਿਆਲ ਵਿੱਚ ਰਜਾਈਆਂ ਵਿਸ਼ਾਉਣੇ ਸਾਂਭਦੀ, ਸ਼ਾਲ ਨਾਲ ਇੱਕ ਪਾਸਿਓਂ ਮੂੰਹ ਢਕ ਕੇ ਧੁੱਪ ਸੇਕਦੀ, ਕੱਪੜੇ ਸਿਉਂਦੀ, ਕਮੀਜ਼ ਦੇ ਕਿਸੇ ਟੁੱਟੇ ਬਟਨ ਨੂੰ ਮੁੜ ਲਾਉਂਦੀ ਤੇ ਲਾਉਣ ਮਗਰੋਂ ਦੰਦਾਂ ਨਾਲ ਧਾਗਾ ਤੋੜਦੀ, ਗੁਆਂਢੀਆਂ ਨਾਲ ਗੱਲਾਂ ਕਰਦੀ, ਘਰ ਦੀ ਸਫ਼ਾਈ ਕਰਦੀ, ਸਾਰਾ ਦਿਨ ਕੁਝ ਨਾ ਕੁਝ ਸਮਝਾਉਂਦੀ, ਝਿੜਕਾਂ ਦਿੰਦੀ, ਰਿਸ਼ਤੇਦਾਰਾਂ ਨੂੰ ਚਾਹ ਫੜਾਉਂਦੀ, ਘਰ ਦੇ ਕਿੰਨੇ ਹੀ ਕੰਮ ਕਰਦੀ, ਪਾਠ ਕਰਦੀ, ਅਰਦਾਸ ਕਰਦੀ, ਗੁਰਦੁਆਰੇ ਜਾਂਦੀ ਦੇ ਆਦਿ। ਇਨ੍ਹਾਂ ਵਿੱਚੋਂ ਕਿਸੇ ਵੀ ਚਿਹਰੇ ਨੂੰ ਆਪਣੇ ਮਨ ਵਿੱਚ ਲੈ ਕੇ ਆਉਂਦਾ ਹਾਂ ਤਾਂ ਅੱਖਾਂ ਸਾਹਮਣੇ ਹੂ-ਬ-ਹੂ ਉਹੀ ਤਸਵੀਰ ਬਣ ਜਾਂਦੀ ਹੈ। ਤਸਵੀਰ ਵੇਖ ਕੇ ਇਹੋ ਲੱਗਦਾ ਹੈ ਕਿ ਹੁਣ ਭਾਵੇਂ ਖੁੱਲ੍ਹ ਕੇ ਹੀ ਹੱਸ ਰਹੀ ਹੈ, ਪਰ ਤਾਂ ਵੀ ਮੇਰੀ ਚਿੰਤਾ ਬਹੁਤ ਕਰਦੀ ਹੈ। ਬਹੁਤ ਪਿਆਰ ਕਰਦੀ ਹੈ। ਭਾਵੇਂ ਕਿਸੇ ਹੋਰ ਗੱਲ ਕਰਕੇ ਕਿਸੇ ਹੋਰ ਇਨਸਾਨ ਦੀ ਚਿੰਤਾ ਵਿੱਚ ਉਦਾਸ ਬੈਠੀ ਹੋਵੇ ਤਾਂ ਵੀ ਮਨ ਵਿੱਚ ਇਹੋ ਖ਼ਿਆਲ ਆਉਂਦਾ ਹੈ ਕਿ ਮੇਰੇ ਨਾਲ-ਨਾਲ ਬਾਕੀਆਂ ਦੀ ਵੀ ਕਿੰਨੀ ਚਿੰਤਾ ਕਰਦੀ ਹੈ। ਮੈਂ ਦੁਨੀਆਂ ਵਿੱਚ ਭਾਵੇਂ ਸਭ ਤੋਂ ਵੱਧ ਕਾਮਯਾਬ, ਸਭ ਤੋਂ ਵੱਧ ਸ਼ਕਤੀਸ਼ਾਲੀ ਇਨਸਾਨ ਬਣ ਜਾਵਾਂ ਉਸ ਵੇਲੇ ਵੀ ਮੇਰੀ ਚਿੰਤਾ ਕਰਨ ਵਾਲਾ ਇੱਕੋ ਇੱਕ ਸ਼ਖ਼ਸ ਮੇਰੀ ਮਾਂ ਹੀ ਹੋਵੇਗੀ। ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ। ਮੇਰੀ ਮਾਂ ਕਦੇ ਕਦੇ ਬਿਮਾਰ ਹੋ ਜਾਂਦੀ ਹੈ। ਬਿਮਾਰ ਹੋਣ ਦੇ ਬਾਵਜੂਦ ਉਹ ਆਪਣੀ ਨਹੀਂ, ਮੇਰੀ ਚਿੰਤਾ ਕਰਦੀ ਹੈ। ਉਸ ਦੇ ਆਪਣੇ ਲੱਗੀ ਸੱਟ ਉਸ ਨੂੰ ਇੰਨਾ ਦੁੱਖ ਨਹੀਂ ਦਿੰਦੀ, ਪਰ ਮੇਰੇ ਲੱਗੀ ਸੱਟ ਨੂੰ ਸਹਾਰ ਨਹੀਂ ਸਕਦੀ। ਮੈਂ ਮਨ ਵਿੱਚ ਮਾਂ ਦੀ ਗੁਰਦੁਆਰੇ ਜਾਂਦੀ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਮਨ ਵਿੱਚ ਸਵੱਲਾ ਜਿਹਾ ਅਹਿਸਾਸ ਉਤਪੰਨ ਹੁੰਦਾ ਹੈ ਕਿ ਇਹ ਗੁਰਦੁਆਰੇ ਵੀ ਸਾਡੇ ਲਈ ਹੀ ਜਾਂਦੀ ਹੈ। ਆਪਣੇ ਲਈ ਤਾਂ ਮਾਂ ਗੁਰਦੁਆਰੇ ਵੀ ਕਦੇ ਨਹੀਂ ਗਈ। ਰੱਬ ਨਾਲ ਉਸ ਦਾ ਬਹੁਤ ਪਿਆਰ ਹੈ। ਰੱਬ ਨੂੰ ਉਹ ਬਹੁਤ ਮੰਨਦੀ ਹੈ। ਉਸ ਕੋਲੋਂ ਡਰਦੀ ਵੀ ਬਹੁਤ ਹੈ ਤੇ ਡਰਦੀ ਵੀ ਸਾਡੇ ਕਰਕੇ ਹੀ ਹੈ। ਉਹ ਰੱਬ ਕੋਲੋਂ ਆਪਣੇ ਕਰਕੇ

ਨਹੀਂ ਡਰਦੀ। ਉਹ ਡਰਦੀ ਹੈ ਕਿ ਮੇਰੇ ਬੱਚਿਆਂ ਨੂੰ ਕੁਝ ਹੋ ਨਾ ਜਾਵੇ। ਉਹ ਮੰਨਦੀ ਹੈ ਕਿ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ। ਉਹ ਗੁਰਦੁਆਰੇ ਜਾ ਕੇ ਅਰਦਾਸ ਕਰਦੀ ਹੈ। ਮੇਰੇ ਖ਼ਿਆਲ ਨਾਲ ਮੇਰੀ ਮਾਂ ਅਰਦਾਸ ‘ਚ ਇਹੀ ਆਖਦੀ ਹੈ ਕਿ ”ਹੇ ਪਰਮਾਤਮਾ! ਮੇਰੇ ਬੱਚਿਆਂ, ਮੇਰੇ ਪਰਿਵਾਰ ਨੂੰ ਸੁੱਖ ਸ਼ਾਂਤੀ ਬਖ਼ਸ਼ੀਂ। ਉਨ੍ਹਾਂ ਉੱਤੇ ਕੋਈ ਮੁਸੀਬਤ ਨਾ ਪਵੇ। ਉਨ੍ਹਾਂ ਨੂੰ ਸਾਰੀ ਜ਼ਿੰਦਗੀ ਖ਼ੁਸ਼ ਰੱਖੀਂ, ਤਰੱਕੀਆਂ ਬਖ਼ਸ਼ੀਂ, ਸਿੱਧੇ ਰਾਹ ਪਾਈ ਰੱਖੀਂ।” ਆਪਣੀ ਇਸ ਅਰਦਾਸ ਵਿੱਚ ਵੀ ਉਹ ਆਪਣੇ ਲਈ ਕੁਝ ਨਹੀਂ ਮੰਗਦੀ। ਮੈਂ ਘਰ ਘੱਟ ਸਮਾਂ ਗੁਜ਼ਾਰਦਾ ਹਾਂ ਅਤੇ ਜ਼ਿਆਦਾ ਸਮਾਂ ਘਰ ਤੋਂ ਬਾਹਰ। ਮੈਂ ਜਦੋਂ ਵੀ, ਜਿੱਥੇ ਵੀ ਤੇ ਜਿਵੇਂ ਵੀ ਹੋਵਾਂ, ਆਪਣੀ ਮਾਂ ਬਾਰੇ ਸੋਚਣ ਲੱਗਦਾ ਹਾਂ ਤਾਂ ਮਨ ਵਿੱਚ ਇੱਕੋ ਖ਼ਿਆਲ ਆਉਂਦਾ ਹੈ ਕਿ ਉਹ ਚਾਹੇ ਕਦੋਂ ਵੀ, ਕਿਤੇ ਵੀ ਹੋਵੇਗੀ ਮੇਰੀ ਚਿੰਤਾ ਕਰਦੀ ਹੋਵੇਗੀ। ਮੈਂ ਉਸ ਦੀਆਂ ਅੱਖਾਂ ਦੇ ਸਾਹਮਣੇ ਹੋਵਾਂ ਜਾਂ ਓਹਲੇ, ਉਹ ਮੇਰੀ ਚਿੰਤਾ ਕਰਨੋਂ ਨਹੀਂ ਹਟ ਸਕਦੀ। ਸ਼ਾਇਦ ਇਸੇ ਕਰਕੇ ਉਸ ਦਾ ਪਿਆਰ ਬਾਕੀਆਂ ਨਾਲੋਂ ਖ਼ਾਸ ਹੈ। ਉਸ ਦਾ ਪਿਆਰ ਇੰਨਾ ਖ਼ਾਸ ਹੈ ਕਿਉਂ? ਇਸ ਸਵਾਲ ਦਾ ਜਵਾਬ ਅਣਗਿਣਤ ਸ਼ਬਦਾਂ ਵਿੱਚ ਵੀ ਨਹੀਂ ਦਿੱਤਾ ਜਾ ਸਕਦਾ। ਦਰਅਸਲ, ਮਾਂ ਦਾ ਪਿਆਰ ਕਿਸੇ ਇੱਕ ਗੱਲ ਕਰਕੇ ਖ਼ਾਸ ਨਹੀਂ ਹੈ। ਬੇਅੰਤ ਗੱਲਾਂ ਉਸ ਦੇ ਪਿਆਰ ਨੂੰ ਖ਼ਾਸ ਬਣਾਉਂਦੀਆਂ ਹਨ। ਮੈਨੂੰ ਮਾਂ ਦੀ ਤਸਵੀਰ ਕਿਸੇ ਦੁਨਿਆਵੀ ਪਦਾਰਥ ਦੀ ਸਹਾਇਤਾ ਨਾਲ ਵੇਖਣ ਦੀ ਲੋੜ ਨਹੀਂ ਪੈਂਦੀ। ਆਪਣੇ ਆਪ ਹੀ ਮਨ ਵਿੱਚ ਮਾਂ ਦੀ ਤਸਵੀਰ ਦਾ ਆਗਮਨ ਹੋ ਜਾਂਦਾ ਹੈ। ਮੈਂ ਜਦੋਂ ਵੀ ਕੋਈ ਚੰਗਾ ਜਾਂ ਕੋਈ ਮਾੜਾ ਕੰਮ ਕਰਨ ਲੱਗਾਂ, ਮੈਨੂੰ ਮਨ ਵਿੱਚ ਆਪਣੀ ਮਾਂ ਦੀ ਤਸਵੀਰ ਦਿਸਣ ਲੱਗਦੀ ਹੈ। ਚੰਗਾ ਕੰਮ ਕਰਨ ਲੱਗਿਆਂ ਮਾਂ ਨੂੰ ਯਾਦ ਕਰਦਿਆਂ ਸੋਚਦਾ ਹਾਂ ਕਿ ਇਹ ਕੰਮ ਹੋਣ ਤੋਂ ਬਾਅਦ ਉਹ ਵੀ ਕਿੰਨੀ ਖ਼ੁਸ਼ ਹੋਵੇਗੀ। ਆਪਣੀ ਗ਼ਲਤੀ ਨਾਲ ਕੋਈ ਮਾੜਾ ਕੰਮ ਕਰਨ ਲੱਗਿਆਂ ਵੀ ਮੈਨੂੰ ਮੇਰੀ ਮਾਂ ਯਾਦ ਆਉਂਦੀ ਹੈ। ਮੈਂ ਸੋਚਦਾ ਹਾਂ ਕਿ ਜਦੋਂ ਉਸ ਨੂੰ ਇਸ ਕੰਮ ਬਾਰੇ ਪਤਾ ਲੱਗੇਗਾ ਉਹ ਕੀ ਸੋਚੇਗੀ, ਕਿਤੇ ਨਾਰਾਜ਼ ਨਾ ਹੋ ਜਾਵੇ, ਕਿਤੇ ਉਦਾਸ ਨਾ ਹੋ ਜਾਵੇ, ਉਸ ਦਾ ਦਿਲ ਨਾ ਦੁਖੇ। ਅਜਿਹੇ ਸਮੇਂ ਮੇਰੇ ਮਨ ਵਿੱਚ ਉੱਭਰੀ ਮੇਰੀ ਮਾਂ ਦੀ ਤਸਵੀਰ ਹੀ ਮੈਨੂੰ ਹਰ ਮਾੜਾ ਕੰਮ ਕਰਨ ਤੋਂ ਰੋਕਦੀ ਹੈ। ਸ਼ਾਇਦ ਇਹੀ ਇਨਸਾਨ ਦੇ ਅੰਦਰ ਬੈਠੇ ਪਰਮਾਤਮਾ ਦੀ ਆਵਾਜ਼ ਹੈ। ਇਹੀ ਕੁਝ ਖ਼ਿਆਲ ਹਨ ਜੋ ਮਨ ਹੀ ਮਨ ਆਪਣੀ ਮਾਂ ਦੇ ਦੀਦਾਰ ਕਰਦਿਆਂ ਮੇਰੇ ਮਨ ਵਿੱਚ ਉੱਗ ਪੈਂਦੇ ਹਨ। ਜਾਂਦੇ ਜਾਂਦੇ ਦੋ ਸਤਰਾਂ ਯਾਦ ਆ ਗਈਆਂ ਕਿਤੇ ਪੜ੍ਹੀਆਂ ਸਨ ਕਿ ”ਮਾਂ ਲਈ ਸਭ ਛੱਡ ਦੇਈਂ, ਸਭ ਲਈ ਮਾਂ ਨਾ ਛੱਡੀਂ।” ਪਰਮਾਤਮਾ ਮੈਨੂੰ ਇਨ੍ਹਾਂ ਗੱਲਾਂ ਉੱਤੇ ਵਿਚਾਰ ਅਤੇ ਆਚਾਰ ਕਰਨ ਦਾ ਬਲ ਬਖ਼ਸ਼ੇ। ਇਹ ਵੀ ਸੱਚ ਹੈ ਕਿ ਇਨ੍ਹਾਂ ਅਤੇ ਅਜਿਹੀਆਂ ਹੋਰ ਕਈ ਗੱਲਾਂ ਉੱਤੇ ਖ਼ਰਾ ਉਤਰਨ ਦੇ ਬਾਵਜੂਦ ਮੈਂ ਤਾ-ਉਮਰ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ।
ਹੈਪੀ ਸਹੋਤਾ
ਪੱਟੀ ਸਦੀਕ,
+918288051837






