ਜਲੰਧਰ 3 ਅਪ੍ਰੈਲ (ਅਮ੍ਰਿੰਤਪਾਲ ਸਿੰਘ)ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਗਰ ਨਿਗਮ ਤੇ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਨਸ਼ਾ ਤਸਕਰ ਰਾਜਨ ਉਰਫ਼ ਨਾਜਰ ਵਾਸੀ ਬਾਬਾ ਬੁੱਢਾ ਜੀ ਨਗਰ (ਦਕੋਹਾ), ਜਲੰਧਰ ਵੱਲੋਂ ਕੀਤੀ ਗ਼ੈਰਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਗਿਆ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਰਾਜਨ ਉਰਫ਼ ਨਾਜਰ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਕਰਦਾ ਆ ਰਿਹਾ ਸੀ।ਉਸ ਖ਼ਿਲਾਫ਼ ਐੱਨਡੀਪੀਐੱਸ ਅਤੇ ਆਬਕਾਰੀ ਐਕਟ ਤਹਿਤ ਪੰਜ ਕੇਸ ਦਰਜ ਹਨ। ਏਸੀਪੀ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲੀਸ ਨੂੰ ਜਲੰਧਰ ਨਗਰ ਨਿਗਮ ਕੋਲੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਨਸ਼ਾ ਤਸਕਰ ਵੱਲੋਂ ਗ਼ੈਰਕਾਨੂੰਨੀ ਉਸਾਰੀ ਕੀਤੀ ਗਈ ਹੈ। ਇਸ ‘ਤੇ ਕਾਰਵਾਈ ਕਰਦਿਆਂ ਨਗਰ ਨਿਗਮ ਅਥਾਰਟੀ ਵੱਲੋਂ ਪੁਲੀਸ ਦੀ ਹਾਜ਼ਰੀ ਵਿੱਚ ਇਸ ਉਸਾਰੀ ਨੂੰ ਢਾਹ ਦਿੱਤਾ ਗਿਆ।ਏਸੀਪੀ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਧਿਆਨ ਵਿੱਚ ਨਸ਼ਾ ਤਸਕਰੀ ਦੀ ਕੋਈ ਗਤੀਵਿਧੀ ਆਉਂਦੀ ਹੈ ਤਾਂ ਇਸ ਸਬੰਧੀ ਪੁਲੀਸ ਨੂੰ ਇਤਲਾਹ ਦੇ ਕੇ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਸਰਗਰਮ ਭੂਮਿਕਾ ਨਿਭਾਈ ਜਾਵੇ। ਉਨ੍ਹਾਂ ਦੱਸਿਆ ਕਿ ਕੋਈ ਵੀ ਨਾਗਰਿਕ ਨਸ਼ਿਆਂ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 97791-00200 ‘ਤੇ ਦੇ ਸਕਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਨਸ਼ਿਆਂ ਸਬੰਧੀ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।







