ਗਿੱਦੜਬਾਹਾ, 10 ਜੂਨ (ਮਨੀਸ਼ ਚਾਵਲਾ) – ਹਲਕਾ ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿਖੇ ਬੀਤੀ ਰਾਤ ਇਕ ਪਰਿਵਾਰ ਵੱਲੋਂ ਕੋਈ ਜਹਿਰਲੀ ਚੀਜ਼ ਨਿਗਲ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਮ੍ਰਿਤਕ ਦੇ ਮਾਤਾ ਪਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸਦੀ ਪਤਨੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਕਤ ਤਿੰਨੋ ਗਿੱਦੜਬਾਹਾ ਦੇ ਦੀਪ ਹਸਪਤਾਲ ਵਿਖੇ ਜੇਰੇ ਇਲਾਜ ਹਨ। ਮ੍ਰਿਤਕ ਦੇ ਵੱਡੇ ਭਰਾ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ, ਮਾਤਾ ਜਸਵਿੰਦਰ ਕੌਰ ਛੋਟੇ ਭਰਾ ਸ਼ਿਵਤਾਰ ਸਿੰਘ ਉਰਫ ਰਾਜੂ ਅਤੇ ਇਸਦੀ ਪਤਨੀ ਖੁਸ਼ਮਨਦੀਪ ਕੌਰ ਨਾਲ ਵੱਖਰੇ ਰਹਿੰਦੇ ਹਨ। ਬੀਤੀ ਰਾਤ ਸਾਨੂੰ ਪਰਿਵਾਰ ਵੱਲੋਂ ਉਲਟੀਆਂ ਕਰਨ ਬਾਰੇ ਪਤਾ ਲੱਗਾ ਤਾਂ ਸਾਨੂੰ ਇਹ ਸੱਕ ਹੋਇਆ ਕਿ ਪਰਿਵਾਰ ਵੱਲੋਂ ਬੀਤੀ ਰਾਤ ਭਿੰਡੀ ਦੀ ਸ਼ਬਜੀ ਖਾਧੀ ਗਈ ਸੀ ਅਤੇ ਇਸ ਕਾਰਨ ਹੀ ਉਨ੍ਹਾਂ ਨੂੰ ਉਲਟੀਆਂ ਆਦਿ ਲੱਗੀਆਂ ਹਨ ਪਰੰਤੂ ਅੱਜ ਜਦੋਂ ਉਕਤਾਨ ਚਾਰਾਂ ਨੂੰ ਇਲਾਜ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਸਾਨੂੰ ਪਤਾ ਲੱਗਾ ਕਿ ਇੰਨਾਂ ਦੀ ਇਹ ਹਾਲਤ ਕਿਸੇ ਜਹਿਰਲੀ ਚੀਜ਼ ਕਾਰਨ ਹੋਈ ਹੈ। ਸਿਵਲ ਹਸਪਤਾਲ ਤੋਂ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਸ਼ਿਵਤਾਰ ਸਿੰਘ ਉਰਫ ਰਾਜੂ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਜਦੋਂਕਿ ਬਾਕੀਆਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਦੀਪ ਹਸਪਤਾਲ ਗਿੱਦੜਬਾਹਾ ਵਿਖੇ ਭਰਤੀ ਕਰਵਾਇਆ ਗਿਆ। ਸ਼ਿਵਤਾਰ ਸਿੰਘ ਦੀ ਬਠਿੰਡਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਿਵਤਾਰ ਸਿੰਘ ਦੀ ਕੁਝ ਮਹੀਨੇ ਪਹਿਲਾਂ ਹੀ ਖੁਸ਼ਮਨਦੀਪ ਕੌਰ ਨਾਲ ਸ਼ਾਦੀ ਹੋਈ ਸੀ ਅਤੇ ਖੁਸ਼ਮਨਦੀਪ ਕੌਰ ਇਸ ਦੌਰਾਨ ਝਗੜਾ ਕਰਕੇ 1-2 ਵਾਰ ਆਪਣੇ ਪੇਕੇ ਵੀ ਚਲੀ ਗਈ ਸੀ। ਮ੍ਰਿਤਕ ਦੇ ਭਰਾ ਜਗਤਾਰ ਸਿੰਘ ਨੇ ਖੁਸ਼ਮਨਦੀਪ ਕੌਰ ਤੇ ਪੂਰੇ ਪਰਿਵਾਰ ਨੂੰ ਜਹਿਰ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਉੱਧਰ ਹਸਪਤਾਲ ਵਿਖੇ ਜੇਰੇ ਇਲਾਜ ਬਾਕੀ ਪਰਿਵਾਰਕ ਮੈਂਬਰਾਂ ਬਾਰੇ ਡਾ. ਰਾਜੀਵ ਜੈਨ ਨੇ ਦੱਸਿਆ ਕਿ ਸੁਰਜੀਤ ਸਿੰਘ ਅਤੇ ਇਸਦੀ ਪਤਨੀ ਜਸਵਿੰਦਰ ਕੌਰ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦੋਂਕਿ ਖੁਸ਼ਮਨਦੀਪ ਕੌਰ ਦੀ ਹਾਲਤ ਸਥਿਰ ਹੈ, ਜਿੰਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਪੂਰੇ ਮਾਮਲੇ ਸੰਬੰਧੀ ਗਿੱਦੜਬਾਹਾ ਦੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰੂਸਰ ਦੇ ਇਕ ਪਰਿਵਾਰ ਵੱਲੋਂ ਜਹਿਰੀਲੀ ਚੀਜ਼ ਨਿਗਲ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇੰਨਾਂ ਨੇ ਜਹਿਰ ਖੁਦ ਲਿਆ, ਜਾਂ ਗਲਤੀ ਨਾਲ ਲਿਆ ਗਿਆ ਅਤੇ ਜਾਂ ਫਿਰ ਇੰਨਾਂ ਨੂੰ ਕਿਸੇ ਨੇ ਜਹਿਰ ਦਿੱਤਾ ਇਸ ਬਾਰੇ ਜਾਂਚ ਜਾਰੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ – ਦੀਪ ਹਸਪਤਾਲ ਵਿਖੇ ਜੇਰੇ ਇਲਾਜ ਮ੍ਰਿਤਕ ਦੇ ਮਾਤਾ ਪਿਤਾ।
ਫੋਟੋ ਫਾਇਲ: ਐਮਕੇਐਸ 10-08






