ਜਗਰਾਉਂ , 4 ਸਤੰਬਰ (ਜਸਵਿੰਦਰ ਸਿੰਘ ਡਾਂਗੀਆ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਨਸ਼ਾ ਤਸ਼ਕਰੀ ਕਰਨ ਵਾਲੇ ਇੱਕ ਔਰਤ ਸਮੇਤ ਤਿੰਨ ਜਾਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਹੀਰੋਇਨ ਬਰਾਮਦ ਕਰਕੇ ਗਿਰਫ਼ਤਾਰ ਕੀਤਾ ਹੈ ਅਤੇ ਉਨਾਂ ਤਿੰਨਾਂ ਦੇ ਖ਼ਿਲਾਫ਼ ਥਾਣਾ ਸਿਟੀ ਜਗਰਾਉਂ, ਥਾਣਾ ਸਦਰ ਰਾਏਕੋਟ ਅਤੇ ਥਾਣਾ ਸੁਧਾਰ ਵਿੱਚ ਮੁਕੱਦਮੇ ਦਰਜ਼ ਕੀਤੇ ਹਨ।
ਪਹਿਲੇ ਮਾਮਲੇ ਵਿੱਚ ਥਾਣਾ ਸਿਟੀ ਜਗਰਾਉਂ ਦੇ ਇੰਚਾਰਜ਼ ਇੰਸਪੈਕਟਰ ਪਰਮਿੰਦਰ ਸਿੰਘ ਅਪਣੀ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਪਿੰਡ ਅਲੀਗੜ੍ਹ ਚੌਂਕ ਤੋਂ ਪੰਜ ਨੰਬਰ ਚੂੰਗੀ ਨੂੰ ਆ ਰਹੇ ਸੀ ਤਾਂ ਕੋਠੇ ਖਜੂਰਾਂ ਸ਼ਮਸ਼ਾਨ ਘਾਟ ਦੇ ਬਾਹਰ ਇੱਕ ਸ਼ੱਕੀ ਔਰਤ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਈ ਅਤੇ ਉਸਨੇ ਆਪਣੇ ਹੱਥ ਵਿੱਚ ਫ਼ੜਿਆ ਮੋਮੀ ਲਿਫ਼ਾਫ਼ਾ ਥੱਲੇ ਸੁੱਟ ਦਿੱਤਾ।
ਇਸ ਮੌਕੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਗੱਡੀ ਰੁਕਵਾ ਕੇ ਮਹਿਲਾਂ ਪੁਲਿਸ ਕਰਮਚਾਰੀ ਦੀ ਮੱਦਦ ਨਾਲ ਉੱਕਤ ਔਰਤ ਨੂੰ ਕਾਬੂ ਕਰਕੇ ਉਸ ਵੱਲੋਂ ਥੱਲੇ ਸੁੱਟੇ ਚਾਰ ਪੱਤੇ (40) ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸਨੂੰ ਗਿਰਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਆਰੋਪੀ ਔਰਤ ਨੇ ਅਪਣੀ ਪਹਿਚਾਣ ਵੀਰਪਾਲ ਕੌਰ ਵਾਸੀ ਮੁਹੱਲਾ ਮਾਈ ਜ਼ੀਨਾਂ ਵਜੋਂ ਦੱਸੀ। ਥਾਣਾ ਸਿਟੀ ਦੇ ਇੰਚਾਰਜ਼ ਇੰਸਪੈਕਟਰ ਪਰਮਿੰਦਰ ਸਿੰਘ ਮੁਤਾਬਿਕ ਉੱਕਤ ਆਰੋਪੀ ਔਰਤ ਖ਼ਿਲਾਫ਼ ਪਹਿਲਾਂ ਤੋਂ ਹੀ ਐਨਡੀਪੀਐਸ ਐਕਟ ਦੇ ਚਾਰ ਮੁਕੱਦਮੇ ਦਰਜ਼ ਹਨ।
ਦੂਸਰੇ ਮਾਮਲੇ ਵਿੱਚ ਥਾਣਾ ਸੁਧਾਰ ਵਿੱਚ ਤਾਇਨਾਤ ਏਐਸਆਈ ਮਨੋਹਰ ਲਾਲ ਅਪਣੀ ਪੁਲਿਸ ਟੀਮ ਨਾਲ ਬਾ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਟੀ-ਪੁਆਇੰਟ ਪਿੰਡ ਰੱਤੋਵਾਲ (ਅਕਾਲਗੜ੍ਹ) ਖੜ੍ਹੇ ਸਨ ਤਾਂ ਕਿਸੇ ਖ਼ਾਸ ਮੁਖ਼ਬਰ ਦੀ ਸੂਚਨਾ ਉੱਤੇ ਪੁਲਿਸ ਪਾਰਟੀ ਨੇ ਗੁਰਸੇਵਕ ਸਿੰਘ ਉਰਫ਼ ਅਰਜਨ ਵਾਸੀ ਪਿੰਡ ਹਲਵਾਰਾ ਨੂੰ ਕਸਬਾ ਸੁਧਾਰ ਦੀ ਦਾਣਾ ਵਿੱਚੋਂ 20 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਗਿਰਫ਼ਤਾਰ ਕੀਤਾ ਹੈ।
ਤੀਸਰੇ ਮਾਮਲੇ ਵਿੱਚ ਥਾਣਾ ਸਦਰ ਰਾਏਕੋਟ ਦੇ ਇੰਚਾਰਜ਼ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਅਪਣੀ ਪੁਲਿਸ ਸਮੇਤ ਬੱਸ ਸਟੈਂਡ ਬੱਸੀਆਂ ਉੱਤੇ ਮੌਜੂਦ ਸਨ ਤਾਂ ਕਿਸੇ ਖ਼ਾਸ ਮੁਖ਼ਬਰ ਦੀ ਇਤਲਾਹ ਉੱਤੇ ਕੁਲਵਿੰਦਰ ਸਿੰਘ ਉਰਫ਼ ਲਾਲੀ ਉਰਫ਼ ਗੋਲਡੀ ਵਾਸੀ ਪਿੰਡ ਬੱਸੀਆਂ ਨੂੰ ਕਸਬਾ ਬੱਸੀਆਂ ਤੋਂ ਰਾਏਕੋਟ ਰੋਡ ਉੱਤੇ ਪੈਂਦੇ ਸੂਆ ਡਰੇਨ ਪੁਲ ਬਾਹੱਦ ਜਲਾਲਦੀਵਾਲ ਨੇੜਿਓਂ ਉੱਕਤ ਆਰੋਪੀ ਨੂੰ ਚਾਰ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਗਿਰਫ਼ਤਾਰ ਕੀਤਾ ਗਿਆ। ਥਾਣਾ ਰਾਏਕੋਟ ਦੇ ਇੰਚਾਰਜ਼ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਦੇ ਮੁਤਾਬਿਕ ਉੱਕਤ ਆਰੋਪੀ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਐਨਡੀਪੀਐਸ ਐਕਟ ਦੇ ਪੰਜ ਮੁਕੱਦਮੇ ਦਰਜ਼ ਹਨ।






