ਸ਼੍ਰੀ ਮੁਕਤਸਰ ਸਾਹਿਬ, 18 ਅਗਸਤ (ਗੁਰਮੀਤ ਵਰਮਾ)- ਜਿਲ੍ਹੇ ਅੰਦਰ ਬੇਖੌਫ ਘੁੰਮ ਰਹੇ ਓਵਰਲੋਰਡ ਵਾਹਨ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ, ਤੇ ਆਏ ਦਿਨ ਅਜਿਹੇ ਵਾਹਨਾਂ ਕਾਰਨ ਸੜ੍ਹਕੀ ਹਾਦਸਿਆਂ ’ਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਮੁਕਤਸਰ ਮਲੋਟ ਰੋਡ ਤੋਂ ਸਾਹਮਣੇ ਆਇਆ ਜਿਥੇ ਇੱਕ ਕਾਰ ਤੇ ਓਵਰਲੋਡ ਪਰਾਲੀ ਦੀਆਂ ਗੱਠਾਂ ਵਾਲੇ ਟਰੈਕਟਰ ਟਰਾਲੀ ਨਾਲ ਹੋਈ ਟੱਕਰ ਤੋਂ ਬਾਅਦ ਕਾਰਨ ਦੇ ਪਰਖੱਚੇ ਉੱਡ ਗਏ ਤੇ ਕਾਰ ਚਾਲਕ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਿਕ ਮਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਆਪਣੇ ਦੋ ਸਾਥੀਆਂ ਸਮੇਤ ਆਪਣੀ ਕਾਰ ਹੋਂਡਾ ਸਿਟੀ ਡੀਐਲ. 3 ਸੀਬੀਈ. 5160 ’ਤੇ ਸਵਾਰ ਹੋ ਕੇ ਰਾਤ ਕਰੀਬ 10: 20 ਮਿੰਟ ’ਤੇ ਮੁਕਤਸਰ ਤੋਂ ਮਲੋਟ ਵੱਲ ਜਾ ਰਿਹਾ ਸੀ ਤੇ ਜਦੋਂ ਉਹ ਯਾਦਗਾਰੀ ਗੇਟ ਤੋਂ ਥੋੜਾ ਅੱਗੇ ਪੁੱਜਾ ਤਾਂ ਰਾਤ ਦੇ ਹਨੇਰੇ ’ਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਸਾਹਮਣੇ ਜਾ ਰਹੇ ਓਵਰਲੋਡ ਪਰਾਲੀ ਦੀਆਂ ਗੱਠਾਂ ਵਾਲੇ ਟਰੈਕਟਰ ਟਰਾਲੀ ਨਾਲ ਉਸ ਦੀ ਟੱਕਰ ਹੋ ਗਈ, ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਦੋਵੇਂ ਏਅਰਬੈਗ ਖੁੱਲ੍ਹ ਗਏ ਤੇ ਕਾਰ ਚਾਲਕ ਮਨਦੀਪ ਸਿੰਘ ਦੀ ਮੌਕੇ ’ਤੇ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਸਾਥੀ ਸੰਦੀਪ ਪੁੱਤਰ ਤਿਲਕ ਰਾਏ, ਕਾਲਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਬੋਹਰ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਉਧਰ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਘਟਨਾ ਸਥਾਨ ’ਤੇ ਪੁੱਜੇ ਰੁਪਾਣਾ ਜਨ ਸਹਾਰਾ ਕਲੱਬ ਦੇ ਆਹੁਦੇਦਾਰ ਡਾ. ਗੁਰਮੀਤ ਸਿੰਘ ਤੇ ਰਾਜਾ ਸ਼ਰਮਾ ਨੇ ਜਖ਼ਮੀਆਂ ਨੂੰ ਇਲਾਜ਼ ਲਈ ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਮਾਮਲੇ ਦੀ ਸੂਚਨਾ ਪੁਲਿਸ ਚੌਕੀ ਪਿੰਡ ਰੁਪਾਣਾ ਨੂੰ ਦਿੱਤੀ ਗਈ ਜਿਨ੍ਹਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟ ਦੇ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਅ ਦਿੱਤਾ ਗਿਆ। ਫਿਲਹਾਲ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।






