ਕਿਸਾਨਾਂ ਵੱਲੋਂ ਝੋਨੇ ਦੇ ਕੱਟ ਸੰਬੰਧੀ ਐਸ ਡੀ ਐਮ ਨੂੰ ਦਿੱਤੀਆਂ ਸ਼ਿਕਾਇਤਾਂ ਤੋਂ ਬਾਅਦ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਵਿੱਚ ਮਚਿਆ ਹੜਕੰਪ
ਬਚਾਅ ਲਈ ਲੱਗੇ ਚਾਰਾਜੋਈ ਕਰਨ
ਕਪੂਰਥਲਾ , 21 ਨਵੰਬਰ ( ਕੌੜਾ )- ਬਲਾਕ ਸੁਲਤਾਨਪੁਰ ਲੋਧੀ ਦੀਆਂ ਵੱਖ ਵੱਖ ਮੰਡੀਆਂ ਵਿੱਚ ਐਂਤਕੀ ਝੋਨੇ ਦੀ ਖਰੀਦ ਸਮੇਂ ਸ਼ੈਲਰ ਮਾਲਕਾਂ ਵੱਲੋਂ ਲਾਏ ਗਏ ਕੱਟ ਤੋਂ ਅੱਕੇ ਕਿਸਾਨਾਂ ਨੇ ਆਖਿਰ ਇਨਸਾਫ਼ ਲੈਣ ਲਈ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਝੰਡਾ ਚੁੱਕ ਲਿਆ, ਜਿਸ ਦੇ ਤਹਿਤ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਐਸ ਡੀ ਐਮ ਦਫਤਰ ਸੁਲਤਾਨਪੁਰ ਲੋਧੀ ਵਿਖੇ ਧਰਨਾ ਲਾ ਦਿੱਤਾ।ਇਸ ਮੌਕੇ ਕਿਸਾਨਾਂ ਨੇ 70 ਦੇ ਕਰੀਬ ਆੜਤੀਆਂ ਵਿਰੁੱਧ ਸ਼ਿਕਾਇਤਾਂ ਵੀ ਐਸ ਡੀ ਐਮ ਨੂੰ ਦਿੱਤੀਆਂ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਸ਼ਿਕਾਇਤਾਂ ਦਿੱਤੇ ਜਾਣ ਤੋਂ ਬਾਅਦ ਅਤੇ ਝੋਨੇ ਦੇ ਕੱਟ ਸੰਬੰਧੀ ਮਾਮਲਾ ਵੱਡੇ ਪੱਧਰ ਤੇ ਭੱਖ ਜਾਣ ਕਾਰਨ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਵਿੱਚ ਹੜਕੰਪ ਮਚ ਗਿਆ ਹੈ। ਉੱਧਰ ਆੜਤੀਆਂ ਵੱਲੋਂ ਇਸ ਸਬੰਧੀ ਪਲ਼ ਪਲ਼ ਦੀ ਜਾਣਕਾਰੀ ਲਈ ਜਾ ਰਹੀ ਹੈ। ਕੁਝ ਆੜਤੀਆਂ ਵੱਲੋਂ ਸ਼ਿਕਾਇਤ ਕਰਨ ਵਾਲੇ ਕਿਸਾਨਾਂ ਤੱਕ ਪਹੁੰਚ ਕਰਨ ਦੀ ਜਾਣਕਾਰੀ ਵੀ ਮਿਲ਼ੀ ਹੈ। ਉੱਧਰ ਸਯੁੰਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਦੀਆਂ ਮੰਡੀਆਂ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਨਾਲ਼ ਇੰਨੇ ਵੱਡੇ ਤੇ ਲੁੱਟ ਹੋਈ ਹੋਵੇ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਹਰ ਹਾਲਤ ਵਿੱਚ ਇਨਸਾਫ਼ ਦਿਵਾਉਣਗੇ ਅਤੇ ਲੁੱਟਿਆ ਹੋਇਆ ਪੈਸਾ ਵਾਪਸ ਕਿਸਾਨਾਂ ਦੀਆਂ ਜੇਬਾਂ ਵਿੱਚ ਆਵੇਗਾ। ਉਨ੍ਹਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਕੋਲ ਝੋਨੇ ਦੀ ਖਰੀਦ ਸਬੰਧੀ ਸਾਰਾ ਰਿਕਾਰਡ ਹੈ ਅਤੇ ਉਹ ਜਾਣਬੁੱਝ ਕੇ ਕਿਸਾਨਾਂ ਨੂੰ ਉਲਝਾ ਰਹੇ ਹਨ।ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਕਿਸਾਨ ਦੀ ਢੇਰੀ ਤੁੱਲ ਜਾਂਦੀ ਹੈ ਤਾਂ ਉਸ ਨੂੰ ਉਸੇ ਸਮੇਂ ਜੇ ਫ਼ਾਰਮ ਕਿਉਂ ਨਹੀਂ ਦਿੱਤਾ ਜਾਂਦਾ ਹੈ। ਆੜਤੀਆਂ ਵੱਲੋਂ ਉਸ ਸਮੇਂ ਕੱਚੀਆਂ ਪਰਚੀਆਂ ਦਿੱਤੀਆਂ ਜਾਂਦੀਆਂ ਹਨ ਜਦ ਕਿ ਜੇ ਫ਼ਾਰਮ ਕੁੱਝ ਦਿਨਾਂ ਬਾਅਦ ਪੈਸੇ ਦੀ ਕਟੌਤੀ ਕਰ ਕੇ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਲੋਹੀਆਂ, ਸ਼ਾਹਕੋਟ ਦੀਆਂ ਮੰਡੀਆਂ ਵਿੱਚ ਝੋਨੇ ਦਾ ਪੂਰਾ ਮੁੱਲ ਦਿੱਤਾ ਗਿਆ ਹੈ ਤਾਂ
ਫਿਰ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਵਿੱਚ ਕਿਹੜੀ ਹੋਰ ਸਰਕਾਰ ਦਾ ਕੰਟਰੋਲ ਸੀ। ਉੱਧਰ ਕੁਝ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਜਦੋਂ ਉਹ ਝੋਨੇ ਦੇ ਕੱਟ ਸੰਬੰਧੀ ਆਵਾਜ਼ ਉਠਾ ਰਹੇ ਸਨ ਤਾਂ ਕੁੱਝ ਆੜਤੀਆਂ ਨੇ ਉਨ੍ਹਾਂ ਦੇ ਖਾਤਿਆਂ ਵਿੱਚ ਝੋਨੇ ਦੇ ਪੂਰੇ ਪੈਸੇ ਪਾ ਦਿੱਤੇ ਹਨ। ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਆਗੂ ਜਥੇਦਾਰ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਟਿੱਬਾ ਮੰਡੀ ਵਿੱਚ ਇੱਕ ਸ਼ੈਲਰ ਮਾਲਕ ਵਲੋਂ ਮਨਮਾਨੀਆਂ ਕੀਤੀਆਂ ਗਈਆਂ ਹਨ ਅਤੇ ਕਿਸਾਨਾਂ ਨੂੰ ਰੱਜ਼ ਕੇ ਲੁੱਟਿਆ ਗਿਆ ਹੈ। ਉਨ੍ਹਾਂ ਨੇ ਟਿੱਬਾ ਮੰਡੀ ਨਾਲ ਸੰਬੰਧਿਤ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਯੂਨੀਅਨ ਤੱਕ ਪਹੁੰਚਾਉਣ ਤਾਂ ਜ਼ੋ ਇਨਸਾਫ਼ ਲਿਆ ਜਾ ਸਕੇ।







