ਫੱਤੂ ਢੀਂਗਾ 16 ਜੁਨ ਅਮਨਦੀਪ ਜਲੰਧਰ ਦੇ ਵੱਡੇ ਕਾਰੋਬਾਰੀ ਦੀ ਪਤਨੀ ਦੀ ਲਾਸ਼ ਅੱਜ ਦੁਪਹਿਰ ਵੇਲੇ ਸੁਲਤਾਨਪੁਰ ਲੋਧੀ ਦੇ ਪਿੰਡ ਅੰਮ੍ਰਿਤਪੁਰ ਨੇੜੇ ਗੋਇੰਦਵਾਲ ਪੁੱਲ ਵਿਖੇ ਮਿਲੀ। ਤਲਵੰਡੀ ਚੌਧਰੀਆਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੁਲਤਾਨਪੁਰ ਲੋਧੀ ਸਿਵਿਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਵੀ ਮੌਕੇ ਤੇ ਪੁੱਜੇ। ਡੀਐਸਪੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੋਨਮ ਪਤਨੀ ਮਿੱਕੀ ਤਿਵਾੜੀ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ 14 ਜੂਨ ਦਿਨ ਸ਼ਨੀਵਾਰ ਨੂੰ ਸੋਨਮ ਢਿਲਵਾਂ ਨੇੜੇ ਦਰਿਆ ਤੇ ਕੁਝ ਸਮਾਨ ਜਲ ਪ੍ਰਵਾਹ ਕਰਨ ਲੱਗੀ ਸੀ ਕਿ ਉਸਦਾ ਪੈਰ ਫਿਸਲ ਗਿਆ। ਉਹਨਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਹੀ ਸੋਨਮ ਨੂੰ ਗੋਤਾਖੋਰਾਂ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਡੀਐਸਪੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਉਨਾਂ ਇਹ ਵੀ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਈ ਗਈ ਵਿਸ਼ੇਸ਼ ਮਨਜ਼ੂਰੀ ਤਹਿਤ ਦੇਰ ਰਾਤ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।ਵੱਡੇ ਕਾਰੋਬਾਰੀਆਂ ਵੱਲੋਂ ਪੁਲਿਸ ਅਤੇ ਪ੍ਰਸ਼ਾਸ਼ਨ ਉੱਪਰ ਆਪਣੇ ਸਿਆਸੀ ਪ੍ਰਭਾਵ ਤਹਿਤ ਦਬਾਓ ਬਣਾਇਆ ਜਾ ਰਿਹਾ ਸੀ ਅਤੇ ਦੇਰ ਰਾਤ ਪੋਸਟਮਾਰਟਮ ਕਰਵਾਉਣ ਲਈ ਵੀ ਜ਼ੋਰ ਪਾਇਆ ਜਾ ਰਿਹਾ ਸੀ। ਰਾਤ 9 ਵਜੇ ਤੋਂ ਬਾਅਦ ਮ੍ਰਿਤਕਾ ਸੋਨਮ ਦਾ ਪੋਸਟਮਾਰਟਮ ਸ਼ੁਰੂ ਹੋਇਆ।






