ਕਪੂਰਥਲਾ, 14 ਅਗਸਤ ( ਕੌੜਾ)- ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਦੇ ਵਫ਼ਦ ਨੇ ਅੱਜ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਦੌਰੇ ‘ਤੇ ਆਏ ਰੇਲਵੇ ਬੋਰਡ ਦੇ ਮਾਣਯੋਗ ਮੈਂਬਰ (ਉਤਪਾਦਨ ਇਕਾਈ), ਸ਼੍ਰੀ ਸੀਤਾਰਾਮ ਸਿੰਕੂ ਨਾਲ ਵਿਸਤ੍ਰਿਤ ਬੈਠਕ ਕੀਤੀ।
ਬੈਠਕ ਤੋਂ ਬਾਅਦ ਜਾਰੀ ਬਿਆਨ ਵਿੱਚ, ਆਰਸੀਐਫ ਐਂਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਕਿਹਾ, “ਅਸੀਂ ਮਾਣਯੋਗ ਮੈਂਬਰ ਅੱਗੇ ਫੈਕਟਰੀ ਵਿੱਚ ਮੌਜੂਦ ਗੰਭੀਰ ਸਮੱਸਿਆਵਾਂ ਨੂੰ ਪੂਰੇ ਜ਼ੋਰ ਨਾਲ ਰੱਖਿਆ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰੇਲਵੇ ਦੇ ਉਤਪਾਦਨ ਦੇ ਟੀਚੇ ਨੂੰ ਪੂਰਾ ਕਰਨ ਦੀ ਕਾਹਲ ਵਿੱਚ ਸਾਡੇ ਕਰਮਚਾਰੀਆਂ ਦੀ ਸੁਰੱਖਿਆ, ਸਨਮਾਨ ਅਤੇ ਅਧਿਕਾਰਾਂ ਨਾਲ ਕੋਈ ਸਮਝੌਤਾ ਨਾ ਹੋਵੇ।”
ਜਨਰਲ ਸਕੱਤਰ ਸਰਵਜੀਤ ਸਿੰਘ ਨੇ ਦੱਸਿਆ ਕਿ ਇਸ ਬੈਠਕ ਵਿੱਚ ਯੂਨੀਅਨ ਵੱਲੋਂ ਹੇਠ ਲਿਖੀਆਂ ਅਹਿਮ ਮੰਗਾਂ ਪ੍ਰਮੁੱਖਤਾ ਨਾਲ ਉਠਾਈਆਂ ਗਈਆਂ।
ਆਰ ਸੀ ਐੱਫ ਵਿੱਚ 1700 ਤੋਂ ਵੱਧ ਖਾਲੀ ਪਏ ਅਸਾਮੀਆਂ ‘ਤੇ ਤੁਰੰਤ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ; ਅਵਾਸਤਵਿਕ ਉਤਪਾਦਨ ਦੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਵਰਕਸ਼ਾਪ ਦੀ ਮਨਜ਼ੂਰਸ਼ੁਦਾ ਗਿਣਤੀ ਵਧਾਈ ਜਾਵੇ; ਪ੍ਰਸ਼ਾਸਨਿਕ ਦਫਤਰਾਂ ਵਿੱਚ ਪੰਜ ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕੀਤਾ ਜਾਵੇ, ਜਿਸ ਨਾਲ ਸਰੋਤਾਂ ਦੀ ਬਚਤ ਹੋਵੇਗੀ ਅਤੇ ਕਰਮਚਾਰੀਆਂ ਦੀ ਕਾਰਜਕੁਸ਼ਲਤਾ ਵਧੇਗੀ; ਠੇਕੇਦਾਰੀ ਪ੍ਰਣਾਲੀ ਨੂੰ ਤੁਰੰਤ ਬੰਦ ਕੀਤਾ ਜਾਵੇ, ਕਿਉਂਕਿ ਇਸ ਨਾਲ ਕਰਮਚਾਰੀਆਂ ਦੀ ਸੁਰੱਖਿਆ ਅਤੇ ਕੋਚਾਂ ਦੀ ਗੁਣਵੱਤਾ ਖਤਰੇ ਵਿੱਚ ਹੈ; ਆਰ ਆਰ ਸੀ ਰਾਹੀਂ ਭਰਤੀ ਹੋਏ ਕਰਮਚਾਰੀਆਂ ਨੂੰ ਉਨ੍ਹਾਂ ਦੀ ਅਸਲ ਪੋਸਟ, ਅਸਿਸਟੈਂਟ ਵਰਕਸ਼ਾਪ ‘ਤੇ ਤੁਰੰਤ ਤਬਦੀਲ ਕੀਤਾ ਜਾਵੇ; ਹਾਲ ਹੀ ਵਿੱਚ ਹੋਈਆਂ ਕ੍ਰੇਨ ਦੁਰਘਟਨਾਵਾਂ ਅਤੇ ਕੈਂਪਸ ਵਿੱਚ ਮਿਲੀ ਸ਼ੱਕੀ ਲਾਸ਼ ਵਰਗੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ; ਆਰਸੀਐਫ ਐਂਪਲਾਈਜ਼ ਯੂਨੀਅਨ ਨੂੰ ਜ਼ੋਨਲ ਰੇਲਵੇ ਦੀ ਤਰ੍ਹਾਂ PREM (Permanent Negotiation Machinery) ਵਿੱਚ ਭਾਗੀਦਾਰੀ ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ; ਫੋਰਕਲਿਫਟਰਾਂ ਦੀ ਕਮੀ ਅਤੇ ਉਨ੍ਹਾਂ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ, ਫੋਰਕਲਿਫਟਰਾਂ ਦੀ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ; ਠੇਕੇਦਾਰੀ ਪ੍ਰਣਾਲੀ ਦੀ ਬਜਾਏ ਐਕਟ ਅਪ੍ਰੈਂਟਿਸ ਪਾਸ ਹਜ਼ਾਰਾਂ ਹੁਨਰਮੰਦ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ; ਘੱਟ ਗੁਣਵੱਤਾ ਵਾਲੇ ਪੀਪੀਈ , ਆਈਟਮਾਂ, ਦਵਾਈਆਂ ਅਤੇ ਹੋਰ ਸਮਾਨ ਦੀ ਖਰੀਦ ਨੂੰ ਰੋਕਣ ਲਈ ਜੈੱਮ ਦੀ ਬਜਾਏ ਐਸ ਪੀ ਸੀ ਰਾਹੀਂ ਖਰੀਦ ਯਕੀਨੀ ਬਣਾਈ ਜਾਵੇ; 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਬਣਾਏ ਗਏ ਕਰਮਚਾਰੀ ਵਿਰੋਧੀ ਚਾਰੋਂ ਕਿਰਤ ਕੋਡਾਂ ਨੂੰ ਤੁਰੰਤ ਰੱਦ ਕੀਤਾ ਜਾਵੇ, ਪੀ ਐੱਲ ਬੀ ਬੋਨਸ ਦੀ ਗਣਨਾ ਸੱਤਵੇਂ ਤਨਖਾਹ ਕਮਿਸ਼ਨ ਦੇ ਘੱਟੋ-ਘੱਟ ਤਨਖਾਹ18,000 ਦੇ ਆਧਾਰ ‘ਤੇ ਕੀਤੀ ਜਾਵੇ; ਕਰਮਚਾਰੀਆਂ ਦੇ ਭਵਿੱਖ ਦੀ ਸੁਰੱਖਿਆ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ, ਅਤੇ ਅੱਠਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ 1 ਜਨਵਰੀ 2026 ਤੋਂ ਲਾਗੂ ਕਰਨ ਲਈ ਠੋਸ ਕਦਮ ਚੁੱਕੇ ਜਾਣ।
ਜਨਰਲ ਸਕੱਤਰ ਸਰਵਜੀਤ ਸਿੰਘ ਨੇ ਅੱਗੇ ਦੱਸਿਆ, “ਸ਼੍ਰੀਮਾਨ ਸਿੰਕੂ ਨੇ ਸਾਡੀਆਂ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਹੈ ਕਿ ਉਹ ਰੇਲਵੇ ਬੋਰਡ ਦੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਨ੍ਹਾਂ ਮੁੱਦਿਆਂ ‘ਤੇ ਜਲਦੀ ਤੋਂ ਜਲਦੀ ਸਕਾਰਾਤਮਕ ਕਾਰਵਾਈ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ।”
ਯੂਨੀਅਨ ਨੇ ਉਮੀਦ ਜਤਾਈ ਹੈ ਕਿ ਇਹ ਬੈਠਕ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਸਾਬਤ ਹੋਵੇਗੀ।
ਇਸ ਮੀਟਿੰਗ ਵਿੱਚ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਚੇਅਰਮੈਨ ਦਰਸ਼ਨ ਲਾਲ, ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਕੈਸ਼ੀਅਰ ਹਰਵਿੰਦਰ ਪਾਲ, ਜੁਆਇੰਟ ਸਕੱਤਰ ਜਸਪਾਲ ਸਿੰਘ ਸ਼ੇਖੋ, ਜੱਥੇਬੰਦੀ ਸਕੱਤਰ ਭਰਤ ਰਾਜ, ਜਗਤਾਰ ਸਿੰਘ, ਬਲਦੇਵ ਰਾਜ, ਤ੍ਰਿਲੋਚਨ ਸਿੰਘ, ਨਰਿੰਦਰ ਕੁਮਾਰ, ਤਲਵਿੰਦਰ ਸਿੰਘ, ਅਰਵਿੰਦ ਕੁਮਾਰ ਸ਼ਾਹ, ਸੰਜੀਵ ਕੁਮਾਰ, ਬਲਜਿੰਦਰ ਵੀ ਹਾਜ਼ਰ ਸਨ।






