ਫ਼ਿਰੋਜ਼ਪੁਰ, 9 ਮਈ (ਅਸ਼ੋਕ ਭਾਰਦਵਾਜ)ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਵੇਦਨਸ਼ੀਲ ਸਥਿਤੀਆਂ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਸਤਲੁਜ ਦਰਿਆ ਦੇ ਪਾਰਲੇ ਪਿੰਡ ਖੂੰਦਰ ਗੱਟੀ ਦੇ ਲੋਕਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਦੋ ਕਿਸ਼ਤੀਆਂ ਦਿੱਤੀਆਂ ਗਈਆਂ ਤਾਂ ਜੋ ਸੰਕਟ ਦੀ ਸਥਿਤੀ ਵਿੱਚ ਉਹ ਇਹਨਾਂ ਕਿਸ਼ਤੀਆਂ ਦੀ ਮਦਦ ਨਾਲ ਛੇਤੀ ਹੀ ਸੁਰੱਖਿਅਤ ਥਾਵਾਂ ਤੇ ਪਹੁੰਚ ਸਕਣ।
ਇਸ ਮੌਕੇ ਐਸ.ਡੀ.ਐਮ. ਗੁਰਮੀਤ ਸਿੰਘ ਅਤੇ ਡੀ.ਐਸ.ਪੀ. ਸੁਖਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ।ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਸੁਰੱਖਿਆ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਅਤੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਿਹਾ ਜਾਵੇ।
ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਹਮੇਸ਼ਾ ਆਪਣੇ ਲੋਕਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਵਚਨਬੱਧ ਹੈ। ਇਸ ਸਮੇਂ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ।
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸਰਹੱਦੀ ਖੇਤਰ ਦੇ ਲੋਕਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅੱਤਵਾਦ ਦੇ ਖਿਲਾਫ਼ ਇਸ ਲੜਾਈ ਵਿੱਚ ਪੂਰਾ ਦੇਸ਼ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕ ਪੂਰੇ ਵਿਸ਼ਵ ਵਿੱਚ ਆਪਣੀ ਸੂਰਬੀਰਤਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਭਾਰਤੀ ਫੌਜ ਅਤੇ ਆਪਣੇ ਵੀਰ ਜਵਾਨਾਂ ਤੇ ਮਾਣ ਹੈ। ਇਸ ਮੌਕੇ ਲੋਕਾਂ ਨੇ ਵੀ ਕਿਹਾ ਕਿ ਉਹ ਹਮੇਸ਼ਾ ਤੋਂ ਅਜਿਹੀ ਘੜੀ ਵਿੱਚ ਦੇਸ਼ ਕੌਮ ਲਈ ਮੂਹਰਲੀ ਕਤਾਰ ਵਿੱਚ ਖੜ੍ਹਦੇ ਆਏ ਹਨ ਅੱਗੇ ਵੀ ਜੇਕਰ ਕੋਈ ਔਖਾ ਸਮਾਂ ਆਉਂਦਾ ਹੈ ਤਾਂ ਉਹ ਆਪਣੀ ਭਾਰਤੀ ਫੌਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਣਗੇ ਅਤੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨਗੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕਿਸ਼ਤੀਆਂ ਦੇਣ ਲਈ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਵਿਧਾਇਕ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਨਾ ਹੀ ਅਜਿਹੀ ਕੋਈ ਅਫਵਾਹ ਫੈਲਾਈ ਜਾਵੇ ਜਿਸ ਨਾਲ ਲੋਕਾਂ ਵਿੱਚ ਡਰ ਭੈਅ ਦਾ ਮਾਹੌਲ ਪੈਦਾ ਹੋਵੇ।






