ਫਗਵਾੜਾ 17 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ)-ਮਾਰਕੀਟ ਕਮੇਟੀ ਫਗਵਾੜਾ ਦੇ ਸੈਕਟਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੀ ਆਮਦ ਸਬੰਧੀ ਫਗਵਾੜਾ ਮਾਰਕੀਟ ਕਮੇਟੀ ਅਧੀਨ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ | ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਹੈ ਫਗਵਾੜਾ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਨੂੰ ਕਣਕ ਵੇਚਣ ਸਬੰਧੀ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਅਸੀਂ ਸਾਰੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਹਨ | ਸੈਕਟਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਖਰੀਦ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫੈੱਡ, ਵੇਅਰ ਹਾਊਸ ਵਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਫਗਵਾੜਾ ਦੀ ਮੁੱਖ ਅਨਾਜ ਮੰਡੀ ਤੋਂ ਇਲਾਵਾ ਰਾਣੀਪੁਰ, ਰਾਵਲਪਿੰਡੀ, ਜਗਤਪੁਰ ਜੱਟਾ, ਪਾਂਸ਼ਟਾ, ਮਾਣਕ ਵਾਹਦ, ਰਿਹਾਣਾ ਜੱਟਾ ਵਿਖੇ ਕਣਕ ਦੀ ਖਰੀਦ ਸਬੰਧੀ ਪੁਖ਼ਤਾ ਪ੍ਰਬੰਧ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਡੀਆਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਹਰ ਸਹੂਲਤ ਪ੍ਰਦਾਨ ਹੋਵੇਗੀ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਰਕਾਰੀ ਤੇ ਪ੍ਰਾਈਵੇਟ ਖਰੀਦ ਸਮੇਤ 10 ਲੱਖ 25 ਹਜਾਰ 239 ਕੁਵਿੰਟਲ ਕਣਕ ਦੀ ਖਰੀਦ ਹੋਈ ਸੀ ਤੇ ਇਸ ਸਾਲ ਵੀ ਇਸ ਤੋਂ ਜ਼ਿਆਦਾ ਕਣਕ ਦੀ ਖਰੀਦ ਹੋਣ ਦਾ ਅਨੁਮਾਨ ਹੈ |







