ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੀ ਕੀਤੀ ਨਿੰਦਾ
ਮਾਛੀਵਾੜਾ ਸਾਹਿਬ 4 ਅਗਸਤ (ਸੁੱਚਾ ਬੰਗੜ) ਭਰਿਸ਼ਟਾਚਾਰ ਵਿਰੋਧੀ ਫਰੰਟ ਇਕਾਈ ਮਾਛੀਵਾੜਾ ਸਾਹਿਬ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ ਹੈ। ਇਹ ਫਰੰਟ ਹਮੇਸ਼ਾ ਹੀ ਚੰਗੀ ਨੀਤੀ ਨੂੰ ਚੰਗੀ ਕਹਿੰਦਾ ਹੈ ਅਤੇ ਮਾੜੀ ਨੀਤੀ ਨੂੰ ਮਾੜਾ ਹੀ ਕਹਿੰਦਾ ਹੈ। ਫਰੰਟ ਦੀ ਮਹੀਨਾਵਾਰ ਮੀਟਿੰਗ ਹਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਸੁਭਾਸ਼ ਚੰਦਰ ਨਾਗਪਾਲ
ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਰਾਜ ਵਿੱਚ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਲੈਂਡ ਪੂਲਿੰਗ ਪਾਲਿਸੀ ਸਬੰਧੀ ਵਿਚਾਰਾਂ ਉਪਰੰਤ ਇਸ ਪਾਲਸੀ ਨੂੰ ਪੰਜਾਬ ਦੇ ਲੋਕਾਂ ਲਈ ਮਾਰੂ ਗਰਦਾਨਦਿਆਂ ਸਰਕਾਰ ਦੀ ਇਸ ਨੀਤੀ ਦੀ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਪਾਲਸੀ ਨੂੰ ਵਾਪਸ ਲਿਆ ਜਾਵੇ ਤਾਂ ਜੋ ਪੰਜਾਬ ਦੇ ਲੋਕ ਆਪਣੀਆਂ ਖੇਤੀ ਯੋਗ ਜਮੀਨਾਂ ਵਿੱਚ ਆਪਣੇ ਰੁਜ਼ਗਾਰ ਚਲਾਈ ਰੱਖਣ। ਮੀਟਿੰਗ ਵਿੱਚ ਇਸ ਗੱਲ ਤੇ ਵੀ ਖੁੱਲ੍ਹ ਕੇ ਵਿਚਾਰ ਚਰਚਾ ਹੋਈ ਕਿ ਮਾਛੀਵਾੜਾ ਸਾਹਿਬ ਦੀਆਂ ਪੈਸਟੀਸਾਈਜ਼ ਦੀਆਂ ਦੁਕਾਨਾਂ ਦੇ ਮਾਲਕਾਂ ਵੱਲੋਂ ਆਪਣੇ ਸਟੋਰਾਂ ਦੀ ਜਾਣਕਾਰੀ ਖੇਤੀਬਾੜੀ ਮਹਿਕਮੇ ਨੂੰ ਨਹੀਂ ਦਿੱਤੀ ਜਾਂਦੀ ਸੋ ਇਕਾਈ ਵੱਲੋਂ ਸਟੋਰਾਂ ਦੀ ਗਿਣਤੀ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਦੀ ਚੋਰ ਮੋਰੀ ਰਾਹੀਂ ਹੁੰਦੀ ਲੁੱਟ ਨੂੰ ਰੋਕਿਆ ਜਾ ਸਕੇ। ਮੀਟਿੰਗ ਵਿੱਚ ਰੋਪੜ ਰੋਡ ਤੇ ਬੁੱਢੇ ਨਾਲੇ ਉੱਪਰ ਬਣੇ ਪੁੱਲ ਦੀ ਹਾਲਤ ਬੇਹਦ ਖਸਤਾ ਹੋ ਜਾਣ ਤੇ ਚਿੰਤਾ ਪ੍ਰਗਟ ਕਰਦਿਆਂ ਇਸ ਦੀ ਮੁਰੰਮਤ ਅਤੇ ਇਸਦੇ ਇਸ ਦੀ ਰੇਲਿੰਗ ਬਣਾਏ ਜਾਣ ਲਈ ਸੰਬੰਧਿਤ ਮਹਿਕਮੇ ਨੂੰ ਲਿਖੇ ਜਾਣ ਤੇ ਵੀ ਚਰਚਾ ਹੋਈ। ਮੀਟਿੰਗ ਦੇ ਅਗਲੇ ਮਤੇ ਵਿੱਚ ਮਾਛੀਵਾੜਾ ਸਾਹਿਬ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਨਜਦੀਕ ਨੂਰਪੁਰ ਰੋਡ ਤੇ ਬਣੀ ਪੁਲੀ ਦੀ ਹਾਲਤ ਬੇਹੱਦ ਖਸਤਾ ਹੋ ਜਾਣ ਤੇ ਵੀ ਚਿੰਤਾ ਪ੍ਰਗਟ ਕਰਦਿਆਂ ਉਸਦੀ ਮੁਰੰਮਤ ਸਬੰਧੀ ਮਹਿਕਮੇ ਨੂੰ ਪੱਤਰ ਲਿਖੇ ਜਾਣ ਬਾਰੇ ਵੀ ਵਿਚਾਰ ਚਰਚਾ ਕੀਤੀ। ਮੀਟਿੰਗ ਦੇ ਅਖੀਰ ਵਿੱਚ ਨਗਰ ਕੌਂਸਲ ਮਾਛੀਵਾੜਾ ਸਾਹਿਬ ਵੱਲੋਂ ਬਾਜ਼ਾਰਾਂ ਸਮੇਤ ਮਾਛੀਵਾੜਾ ਸਾਹਿਬ ਨਗਰ ਕੌਂਸਲ ਦੀਆਂ ਪ੍ਰੋਪਰਟੀ ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਏ ਜਾਣ ਦੀ ਪ੍ਰਸ਼ਾਸਨ ਦੀ ਕਾਰਵਾਈ ਨੂੰ ਸ਼ਹਿਰ ਲਈ ਇੱਕ ਚੰਗਾ ਫੈਸਲਾ ਦੱਸਦਿਆਂ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਲਈ ਵਧਾਈ ਦੇ ਪਾਤਰ ਕਿਹਾ ਗਿਆ। ਮੀਟਿੰਗ ਵਿੱਚ ਬਖਸ਼ੀ ਰਾਮ ,ਸੁਰਿੰਦਰ ਸਿੰਘ ਗਿੱਲ ,ਜਗੀਰ ਸਿੰਘ ਹਸਨਪੁਰੀ, ਰਜਿੰਦਰ ਸਿੰਘ, ਸੁਭਾਸ਼ ਚੰਦਰ ਨਾਗਪਾਲ, ਜਗਮੋਹਣ ਸਿੰਘ ਮਨਜੀਤ ਸਿੰਘ ਗਿਆਸਪੁਰਾ, ਬਹਾਦਰ ਸਿੰਘ ਔਜਲਾ ਅਤੇ ਕਰਮਜੀਤ ਸਿੰਘ ਵੀ ਮੌਜੂਦ ਸਨ।





