ਸ਼੍ਰੀ ਮੁਕਤਸਰ ਸਾਹਿਬ, 25 ਅਗਸਤ (ਮਨਪ੍ਰੀਤ ਮੋਨੂੰ)- ਪਿਛਲੇਂ ਦਿਨਾਂ ਤੋਂ ਮੌਸਮ ਵਿਭਾਗ ਵੱਲੋਂ ਲਗਾਤਾਰ ਪੰਜਾਬ ਅੰਦਰ ਭਾਰੀ ਮੀਹ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ, ਪਰ ਸ਼੍ਰੀ ਮੁਕਤਸਰ ਸਾਹਿਬ ਦੇ ਸੀਵਰੇਜ਼ ਵਿਭਾਗ ਨੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਕਥਿਤ ਤੌਰ ’ਤੇ ਅਣਗੋਲਿਆ ਕੀਤਾ, ਜਿਸ ਦਾ ਖਾਮਿਆਜਾ ਸ਼ਹਿਰ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਬਾਰਿਸ਼ ਨੇ ਪ੍ਰਸਾਸ਼ਨ ਦੇ ਅਗਾਊ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਦੀ ਸਵੇਰ ਕਰੀਬ 8 ਵਜੇ ਸ਼ੁਰੂ ਹੋਈ ਬਾਰਿਸ਼ ਦੁਪਹਿਰ ਤੱਕ ਜਾਰੀ ਰਹੀ, ਤੇ ਇਹ ਬਾਰਿਸ਼ ਸੋਮਵਾਰ ਦੀ ਸਵੇਰੇ ਕਰੀਬ 4 ਵਜੇ ਤੋਂ ਮੁੜ ਸ਼ੁਰੂ ਹੋਈ ਜੋ ਦਿਨ ਭਰ ਰੁਕ-ਰੁਕਕੇ ਚੱਲਦੀ ਰਹੀ। ਜਿਸ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਚੁੱਕਾ, ਤੇ ਲੋਕਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਬਲਿਕ ਹੈਲਥ ਦੇ ਐਕਸੀਅਨ ਵੱਲੋਂ ਵਰਤੀ ਗਈ ਕਥਿੱਤ ਲਾਹਪਰਵਾਹੀ
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਦੇ ਦੁਸਹਿਰਾ ਗਰਾਉਂਡ ’ਚ ਸਥਿਤ ਡਿਸਪੋਜ਼ਲ ਪੰਪ ’ਤੇ ਲੱਗੀਆਂ ਮੋਟਰਾਂ ਵਿਚੋਂ ਇੱਕ ਮੋਟਰ ਤਾਂ ਪਹਿਲਾਂ ਹੀ ਖਰਾਬ ਪਈ ਸੀ ਤੇ ਇਕ ਮੋਟਰ ਜੋ ਚਾਲੂ ਹਾਲਤ ’ਚ ਤੇ ਉਹ ਵੀ ਐਤਵਾਰ ਦੀ ਸ਼ਾਮ ਕਰੀਬ 5:30 ਵਜੇ ਖਰਾਬ ਹੋ ਗਈ। ਇਥੇ ਸ਼ਹਿਰ ਦੇ ਲੋਕਾਂ ਦਾ ਕਹਿਣਾਂ ਹੈ ਕਿ ਪਬਲਿਕ ਹੈਲਥ ਦੇ ਜੁੰਮੇਵਾਰ ਅਧਿਕਾਰੀ ਐਕਸੀਅਨ ਸ਼ਮਿੰਦਰ ਸਿੰਘ ਵੱਲੋਂ ਕਥਿੱਤ ਤੌਰ ’ਤੇ ਅਣਗਹਿਲੀ ਵਰਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਐਕਸੀਅਨ ਸਾਹਿਬ ਵੱਲੋਂ ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਸ਼ਹਿਰ ਦੀ ਬਣਤਰ ਦੇ ਹਿਸਾਬ ਨਾਲ ਅਗਾਊ ਪ੍ਰਬੰਧ ਕਰਨੇ ਚਾਹੀਦੇ ਸਨ, ਕਿਉਂਕਿ ਜੇਕਰ ਇੱਕ ਮੋਟਰ ਲਗਾਤਾਰ ਚੱਲੇਗੀੇ ਤਾਂ ਉਸ ਮੋਟਰ ਦਾ ਖਰਾਬ ਹੋਣਾ ਸੁਭਾਵਿਕ ਗੱਲ ਹੈ।
ਪਰ ਇਥੇ ਕਥਿੱਤ ਤੌਰ ’ਤੇ ਐਕਸੀਅਨ ਸ਼ਮਿੰਦਰ ਸਿੰਘ ਵੱਲੋਂ ਵਰਤੀ ਗਈ ਕਥਿੱਤ ਅਣਗਹਿਲੀ ਨੇ ਸ਼ਹਿਰ ਵਾਸੀਆਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ ਤੇ ਮੋਟਰਾਂ ਖਰਾਬ ਹੋਣ ਦੇ ਚੱਲਦਿਆ ਕੋਟਕਪੂਰਾ ਰੋਡ, ਬਾਵਾ ਕਲੌਨੀ, ਤਿਲਕ ਨਗਰ, ਭੁੱਲਰ ਕਲੌਨੀ, ਸ਼ਹਿਰ ਬਾਈਪਾਸ ਤੇ ਮੇਨ ਗਲੀਆਂ ਬਾਰਿਸ਼ ਦੇ ਪਾਣੀ ਨਾਲ ਜਲ ਥਲ ਹੋ ਚੁੱਕੀਆਂ, ਜਿਸ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਕੇ ਬੈਠਣ ਲਈ ਮਜ਼ਬੂਰ ਹਨ। ਦੱਸ ਦੇਈਏ ਕਿ ਉਕਤ ਡਿਸਪੋਜ਼ਲ ਪੰਪ ਰਾਹੀਂ ਉਕਤਾਂਨ ਏਰੀਏ ਦਾ ਪਾਣੀ ਇਕੱਠਾ ਕਰਕੇ ਭਾਗਸਰ ਰੋਡ ’ਤੇ ਬਣੇ ਨਿਕਾਸੀ ਨਾਲੇ ਵਿੱਚ ਸੁੱਟਿਆ ਜਾਂਦਾ ਹੈ, ਹੁਣ ਜਦੋਂ ਤੱਕ ਡਿਸਪੋਜਲ ਪੰਪ ਦੀ ਮੋਟਰ ਚਾਲੂ ਨਹੀਂ ਹੁੰਦੀ ਉਦੋਂ ਤੱਕ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਾਂਸ਼ ਕਿਤੇ ਮਲੋਟ ਦੀ ਤਰਜ਼ ’ਤੇ ਸਾਡੇ ਸਿਆਸਤਦਾਨ ਵੀ ਲੋਕਾਂ ਦੀ ਚਿੰਤਾ ਕਰਨ ਤੇ ਸਬੰਧਿਤ ਅਧਿਕਾਰੀਆਂ ਨੂੰ ਫੋਨ ਕਰਕੇ ਲੋਕਾਂ ਦੇ ਹਲਾਤਾਂ ਬਾਰੇ ਜਾਣਕਾਰੀ ਦੇਣ।
ਐਕਸੀਅਨ ਨੇ ਜੇਈਆਂ ਨੂੰ ਕੱਢਿਆ ਨੋਟਿਸ
ਉੱੱਧਰ ਐਕਸੀਅਨ ਸ਼ਮਿੰਦਰ ਸਿੰਘ ਵੱਲੋਂ ਆਪਣੀ ਜੁੰਮੇਵਾਰੀ ਤੋਂ ਪੱਲਾ ਝਾੜਦਿਆ ਇਹ ਸਾਰਾ ਮਾਮਲਾ ਆਪਣੇ ਜੂਨੀਅਰ ਤੇ ਸਹਾਇਕ ਇੰਜੀਨੀਅਰਾਂ ’ਤੇ ਸੁਟਦਿਆ ਇੱਕ ਜਵਾਬ ਤਲਬੀ ਨੋਟਿਸ ਵਿਭਾਗ ਦੇ ਓਪ ਮੰਡਲ ਇੰਜੀਨੀਅਰ ਨਵਪ੍ਰੀਤ ਸਿੰਘ, ਸਹਾਇਕ ਇੰਜੀ. ਰਣਜੀਤ ਸਿੰਘ, ਜੂਨੀਅਰ ਇੰਜੀ. ਅਮਿਤ ਕੁਮਾਰ ਅਤੇ ਜੂਨੀਅਰ ਇੰਜ. ਜਤਿਨ ਕੁਮਾਰ ਨੂੰ ਜਾਰੀ ਕਰ ਦਿੱਤਾ। ਜਿਸ ਵਿੱਚ ਦੱਸਿਆ ਗਿਆ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਬਾਰਿਸ਼ ਦੇ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਸਪੋਜਲ ਦੀਆਂ ਮੋਟਰਾਂ ਨੂੰ ਚਾਲੂ ਰੱਖਣ ਤੇ ਅਗਾਊ ਪ੍ਰਬੰਧਾਂ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਇੰਜੀਨੀਅਰਾਂ ਵਲੋਂ ਵਰਤੀ ਗਈ ਅਣਗਹਿਲੀ ਕਾਰਨ ਸ਼ਹਿਰ ਅੰਦਰ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਤੇ ਬੀਤੇਂ ਐਤਵਾਰ ਦੀ ਸ਼ਾਮ ਕਰੀਬ 5:30 ਤੋਂ ਬਲਮਗੜ੍ਹ ਰੋਡ ਡਿਸਪੋਜ਼ਲ ਦੀ ਮੋਟਰ ਕੱਲ 24 ਅਗਸਤ ਸ਼ਾਮ 5:30 ਤੋਂ ਤੇ ਹੁਣ ਦੁਸਹਿਰਾਂ ਗਰਾਉਂਡ ਡਿਸਪੋਜਲ ਵੀ ਬੰਦ ਹੋ ਗਿਆ, ਦਿੱਤੇ ਗਏ ਨੋਟਿਸ ਵਿੱਚ ਸਬੰਧਿਤ ਜੇਈਆਂ ਵੱਲੋਂ ਵਰਤੀ ਗਈ ਅਣਗਹਿਲੀ ਦਾ ਨਤੀਜਾ ਦੱਸਿਆ ਰਿਹਾ ਹੈ ਤੇ ਐਕਸੀਅਨ ਸ਼ਮਿੰਦਰ ਸਿੰਘ ਨੇ ਉਨ੍ਹਾਂ ਦੇ ਖਿਲਾਫ ਅਧੀਨ ਧਾਰਾ 1972 ਤਹਿਤ ਕਾਰਵਾਈ ਕਰਨ ਦੀ ਗੱਲ ਆਖੀ ਹੈ ਤੇ 25 ਅਗਸਤ ਸ਼ਾਮ 4 ਵਜੇ ਤੱਕ ਸਮੱਸ਼ਟੀ ਕਰਨ ਵੀ ਮੰਗਿਆ।
ਕੀ ਕਹਿਣਾ ਐਕਸੀਅਨ ਸ਼ਮਿੰਦਰ ਸਿੰਘ ਦਾ
ਉਧਰ ਜਦੋਂ ਇਸ ਮਾਮਲੇ ਸਬੰਧੀ ਪਬਲਿਕ ਹੈਲਥ ਦੇ ਐਕਸੀਅਨ ਸ਼ਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਡਿਸਪੋਜਲ ਪੰਪ ਦੀ ਮੋਟਰ ਐਤਵਾਰ ਦੀ ਸ਼ਾਮ ਕਰੀਬ 5:30 ਵਜੇ ਖਰਾਬ ਹੋਈ ਹੈ ਤੇ ਜਿਸ ਨੂੰ ਸਾਡੇ ਇੰਨਜੀਨੀਅਰਾਂ ਵੱਲੋਂ ਦਰੁੱਸਤ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਮੋਟਰ ਚਾਲੂ ਕਰਕੇ ਸਬੰਧਿਤ ਗਲੀਆਂ ਦੇ ਪਾਣੀ ਨੂੰ ਠੰਪ ਕਰਕੇ ਨਿਕਾਸੀ ਨਾਲੇ ’ਚ ਸੁੱਟ ਦਿੱਤਾ ਜਾਵੇਗਾ ਤੇ ਸ਼ਹਿਰ ਦੀਆਂ ਗਲੀਆਂ ਨੂੰ ਬਾਰਿਸ਼ ਦੇ ਪਾਣੀ ਤੋਂ ਨਿਜ਼ਾਤ ਦੁਆਈ ਜਾਵੇਗੀ।





