ਲੰਬੀ/ਸ੍ਰੀ ਮੁਕਤਸਰ ਸਾਹਿਬ, 18 ਅਗਸਤ ()- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਿੱਠੜੀ ਬੁੱਧਗਿਰ ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵੱਲੋਂ ਨਵੇਂ ਆਰ.ਓ. ਸਿਸਟਮ ਦਾ ਉਦਘਾਟਨ ਕੀਤਾ ਗਿਆ। ਸਕੂਲ ਸਟਾਫ਼ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਗ੍ਰਾਮ ਪੰਚਾਇਤ ਮਿੱਠੜੀ ਬੁੱਧਗਿਰ ਅਤੇ ਸਕੂਲ ਸਟਾਫ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਨੂੰ ਬੱਚਿਆਂ ਦੇ ਪੀਣ ਲਈ ਸਾਫ਼ ਪਾਣੀ ਲਈ ਆਰ.ਓ.ਸਿਸਟਮ ਦੀ ਮੰਗ ਕੀਤੀ ਗਈ ਸੀ। ਇਸ ਮੰਗ ਨੂੰ ਪੂਰੀ ਕਰਦੇ ਹੋਏ ਉਹਨਾਂ ਵੱਲੋਂ ਪਿਛਲੇ ਦਿਨਾਂ ਵਿੱਚ ਇਕ ਲੱਖ ਸੱਠ ਹਜ਼ਾਰ ਰੁਪਏ ਆਰ.ਓ. ਸਿਸਟਮ ਅਤੇ ਵਾਟਰ ਕੂਲਰ ਲਈ ਜਾਰੀ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ੍ਰੀ ਮੁਕਤਸਰ ਸਾਹਿਬ ਯਾਦਵਿੰਦਰ ਸਿੰਘ ਮਾਨ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲੰਬੀ ਬਲਵਿੰਦਰ ਸਿੰਘ ਵੱਲੋਂ ਉਚੇਚੇ ਤੌਰ ’ਤੇ ਪਹੁੰਚ ਕੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਕੂਲ ਦੇ ਸਭ ਤੋਂ ਪੁਰਾਣੇ ਅਧਿਆਪਕ ਜਸਪ੍ਰੀਤ ਸਿੰਘ ਸਤੰਬਰ 2016 ਤੋਂ ਇਸ ਸਕੂਲ ਵਿਖੇ ਹੀ ਸੇਵਾ ਨਿਭਾਅ ਰਹੇ ਹਨ। ਜਿਹਨਾਂ ਦੀ ਮਿਹਨਤ ਦੀ ਸਦਕਾ ਅੱਜ ਇਹ ਸਕੂਲ ਇਲਾਕੇ ਦੇ ਮੋਹਰੀ ਸਕੂਲਾਂ ਵਿੱਚੋਂ ਇੱਕ ਹੈ। ਇਸ ਮੌਕੇ ਸਮੂਹ ਸਕੂਲ ਸਟਾਫ, ਗ੍ਰਾਮ ਪੰਚਾਇਤ ਪਿੰਡ ਮਿੱਠੜੀ ਬੁੱਧਗਿਰ, ਸਕੂਲ ਮੈਨੇਜਮੈਂਟ ਕਮੇਟੀ, ਬੱਚਿਆਂ ਦੇ ਮਾਤਾ ਪਿਤਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।






