ਆਓ! ਰਲ ਮਿਲ ਸਾਰੇ ਇੱਕ ਫ਼ਰਜ ਨਿਭਾਈਏ 

Spread the love

ਤਪਦੀ ਗਰਮੀ ਤੋਂ ਇਨ੍ਹਾਂ ਪੰਛੀਆਂ ਨੂੰ ਬਚਾਈਏ

ਜੇਠ ਦਾ ਮਹੀਨਾ ਚਲ ਰਿਹਾ ਹੈ ਅਤੇ ਗਰਮੀ ਆਪਣੀ ਰਫ਼ਤਾਰ ਫ਼ੜ ਚੁੱਕੀ ਹੈ। ਗਰਮੀ ਤੋ ਖ਼ੁਦ ਨੂੰ ਬਚਾਉਣ ਲਈ ਅਸੀਂ ਬਾਰ-ਬਾਰ ਪਾਣੀ ਦਾ ਸਹਾਰਾ ਲੈਂਦੇ ਹਾਂ। ਕਦੀ ਤਾਂ ਅਸੀ ਇਸ ਪਾਣੀ ਨੂੰ ਪੀਣ ‘ਚ ਪ੍ਰਯੋਗ ਕਰਦੇ ਹਾਂ ਅਤੇ ਕਦੀ ਇਸ ਪਾਣੀ ਨੂੰ ਨਹਾਉਣ ਲਈ ਵਰਤਦੇ ਹਾਂ। ਗਰਮੀ ਤੋਂ ਬਚਣ ਲਈ ਅਤੇ ਠੰਡ ਦਾ ਆਨੰਦ ਲੈਣ ਲਈ ਅਸੀਂ ਏ ਸੀ ਤੱਕ ਦੀ ਵਰਤੋਂ ਕਰਦੇ ਹਾਂ।ਇਸ ਗਰਮੀ ਤੋਂ ਇਨਸਾਨ ਹੀ ਨਹੀਂ ਛੋਟੇ ਪੰਛੀ ਵੀ ਪ੍ਰੇਸ਼ਾਨ ਹਨ। ਹਰ ਸਾਲ ਗਰਮੀ ਦੇ ਮੌਸਮ ਵਿੱਚ ਕਈ ਪੰਛੀ ਪਾਣੀ ਅਤੇ ਲੂ ਕਾਰਨ ਮਰ ਜਾਂਦੇ ਹਨ। ਕਿਉਕਿ ਇਹ ਗਰਮੀ ਪੰਛੀਆਂ ਨੂੰ ਵੀ ਉਹਨਾਂ ਹੀ ਤੰਗ ਕਰਦੀ ਹੈ ਜਿਨ੍ਹਾਂ ਕਿ ਸਾਨੂੰ ਤੰਗ ਕਰਦੀ ਹੈ। ਅਸੀਂ ਤਾਂ ਆਪਣੀ ਸੂਝਬੂਝ ਨਾਲ ਇਸ ਗਰਮੀ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਪਰ ਇਹ ਪੰਛੀ ਨਹੀਂ। ਇਹਨਾਂ ਪੰਛੀਆਂ ਨੂੰ ਬਚਾਉਣ ਲਈ ਜੇਕਰ ਅਸੀਂ ਥੋੜਾ ਜਿਹਾ ਉਪਰਾਲਾ ਕਰੀਏ ਜਾਂ ਇੰਸਾਨੀਅਤ ਵਿਖਾਈਏ ਤਾਂ ਇਹ ਪੰਛੀ ਵੀ ਗਰਮੀ ਤੋ ਆਪਣੇ ਆਪ ਨੂੰ ਬਚਾ ਸਕਦੇ ਹਨ। ਅਗਰ ਅਸੀਂ ਆਪਣੇ ਘਰ ਜਾਂ ਨੇੜੇ-ਤੇੜੇ ਆਉਣ ਵਾਲੇ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕਰੀਏ ਤਾਂ ਗਰਮੀ ਕਾਰਨ ਹੋ ਰਹੀ ਪੰਛੀਆਂ ਦੀ ਮੌਤ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।ਪੰਛੀ ਭੋਜਨ ਖਾ ਕੇ ਅਤੇ ਪਾਣੀ ਪੀ ਕੇ ਆਪਣੀ ਪਾਣੀ ਦੀ ਲੋੜ ਪੂਰੀ ਕਰਦੇ ਹਨ। ਕਈ ਕੀਟ-ਪਤੰਗੇ ਖਾਣ ਵਾਲੇ ਪੰਛੀ ਜ਼ਿਆਦਾਤਰ ਪਾਣੀ ਆਪਣੇ ਭੋਜਨ ਤੋਂ ਹੀ ਪ੍ਰਾਪਤ ਕਰਦੇ ਹਨ। ਪਰ ਇਸ ਤੋਂ ਉੱਲਟ ਬੀਜ ਖਾਣ ਵਾਲੇ ਪੰਛੀਆਂ ਨੂੰ ਪਾਣੀ ਦੀ ਜਿਆਦਾ ਲੋੜ ਹੁੰਦੀ ਹੈ। ਛੋਟੇ ਪੰਛੀ ਛੱਪੜਾਂ ਅਤੇ ਨਦੀਆਂ ਦੇ ਕੰਢਿਆਂ ਤੋਂ ਪਾਣੀ ਪੀਂਦੇ ਹਨ ਅਤੇ ਰੁੱਖਾਂ ਨਾਲ ਭਰੇ ਖੇਤਰਾਂ ਵਿੱਚ ਰਹਿਣ ਵਾਲੇ ਪੰਛੀ ਪਾਣੀ ਦੀਆਂ ਬੂੰਦਾਂ ਨੂੰ ਖਾਂਦੇ ਹਨ ਜੋਕਿ ਰੁੱਖਾਂ ਦੇ ਪੱਤਿਆਂ ‘ਤੇ ਬਣਦੀਆਂ ਹਨ। ਪਰ ਹੁਣ ਨਾ ਤੇ ਛਪੜ ਰਹੇ ਅਤੇ ਨਾ ਹੀ ਕੋਈ ਬਹੁਤੇ ਪਾਣੀ ਦੇ ਸ੍ਰੋਤ ਜਾਂ ਰੁੱਖ, ਜਿਥੋਂ ਕਿ ਇਹ ਪੰਛੀ ਆਪਣੀ ਪਾਣੀ ਦੀ ਲੋੜ ਨੂੰ ਪੁਰਾ ਕਰ ਸਕਣ। ਇਹਨਾਂ ਕਾਰਨਾਂ ਕਰਕੇ ਗਰਮੀ ਦੇ ਦਿਨਾਂ ਵਿੱਚ ਪੰਛੀ ਅਕਸਰ ਮਰਦੇ ਹਨ। ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀਂ ਸਮਝ ਨਾਲ ਇਹਨਾਂ ਪੰਛੀਆਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਈਏ। ਅਸੀ ਆਪਣੇ ਘਰ ਦੇ ਬਨੇਰਿਆਂ, ਬਾਗ਼-ਬਗਿਚਿਆਂ ਅਤੇ ਵਿਹੜੇ ਵਿੱਚ ਇਹਨਾਂ ਪੰਛੀਆਂ ਦੇ ਪੀਣ ਲਈ ਪਾਣੀ ਰੱਖਕੇ ਇਹਨਾਂ ਦੀ ਮਦੱਦ ਕਰ ਸਕਦੇ ਹਾਂ। ਬਸ ਇੱਕ ਗੱਲ ਦਾ ਧਿਆਨ ਰਹੇ ਕਿ ਪਲਾਸਟਿਕ ਜਾਂ ਸਟੀਲ ਦੇ ਭਾਂਡਿਆਂ ਵਿੱਚ ਪਾਣੀ ਨਾ ਰੱਖਿਆ ਜਾਵੇ ਇਨ੍ਹਾਂ ਭਾਂਡਿਆਂ ਦਾ ਪਾਣੀ ਧੁੱਪ ਵਿਚ ਬਹੁਤ ਗਰਮ ਹੋ ਜਾਂਦਾ ਹੈ। ਮਿੱਟੀ ਦੇ ਕਸੋਰੇ ਵਿੱਚ ਪਾਣੀ ਰੱਖਣਾ ਸਭ ਤੋਂ ਵਧੀਆ ਅਤੇ ਉੱਤਮ ਮੰਨਿਆ ਜਾਂਦਾ ਹੈ ਕਿਉਕਿ ਇਸ ਵਿੱਚ ਪਾਣੀ ਠੰਡਾ ਰਹਿੰਦਾ ਹੈ। ਬੱਸ ਇਨ੍ਹਾਂ ਭਾਂਡਿਆਂ ਦੀ ਨਿਯਮਤ ਸਫਾਈ ਕਰਦੇ ਰਹੋ, ਤਾਂ ਜੋ ਪੰਛੀ ਬਿਮਾਰੀਆਂ ਤੋਂ ਦੂਰ ਰਹਿਣ। ਤੁਸੀਂ ਆਪਣੇ ਦਫਤਰ ਵਿਚ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਪਾਣੀ ਦੇ ਕਸੋਰੇ ਉਸ ਜਗ੍ਹਾ ਤੇ ਰੱਖ ਸਕਦੇ ਹੋ ਜਿੱਥੇ ਪੰਛੀ ਆਉਂਦੇ ਹੋਣ। ਹਰ ਦੋ ਦਿਨਾਂ ਬਾਅਦ ਪਾਣੀ ਦੇ ਕਸੋਰੇ ਨੂੰ ਸਾਫ਼ ਕਰੋ, ਪਾਣੀ ਨੂੰ ਹਰ ਰੋਜ਼ ਬਦਲੋ, ਜੇਕਰ ਪਾਣੀ ਦੀ ਸਤ੍ਹਾ ‘ਤੇ ਹਰਿਆਈ ਬਣਨਾ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਤੁਰੰਤ ਸਾਫ਼ ਕਰੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਪਾਣੀ ਸਾਫ਼ ਹੋਣਾ ਚਾਹੀਦਾ ਹੈ। ਪੰਛੀ ਬਹੁਤ ਮਿਹਨਤੀ ਹੁੰਦੇ ਹਨ ਅਤੇ ਆਪਣੇ ਭੋਜਨ ਦਾ ਪ੍ਰਬੰਧ ਇਹ ਖੁਦ ਕਰਦੇ ਹਨ, ਪਰ ਗਰਮੀਆਂ ਵਿੱਚ ਇਹ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਘੱਟੋ- ਘੱਟ ਉੱਡਣਾ ਪਸੰਦ ਕਰਦੇ ਹਨ ਕਿਉਂਕਿ ਜਿੰਨਾ ਜ਼ਿਆਦਾ ਉਹ ਉੱਡਣਗੇ, ਓਹਨੀ ਹੀ ਜ਼ਿਆਦਾ ਉਹਨਾਂ ਨੂੰ ਪਾਣੀ ਦੀ ਲੋੜ ਪਵੇਗੀ ਅਤੇ ਓਹਨਾਂ ਹੀ ਹੀਟਸਟ੍ਰੋਕ ਦਾ ਖਤਰਾ ਵੀ ਵੱਧ ਹੋਵੇਗਾ। ਕਿੰਨਾ ਚੰਗਾ ਹੋਵੇ ਜੇਕਰ ਅਸੀਂ ਉਨ੍ਹਾਂ ਲਈ ਪਾਣੀ ਦੇ ਨਾਲ- ਨਾਲ ਭੋਜਨ ਵੀ ਰੱਖ ਦੇਈਏ ਤਾਂ ਜੋ ਉਨ੍ਹਾਂ ਨੂੰ ਜ਼ਿਆਦਾ ਭਟਕਣਾ ਨਾ ਪਵੇ। ਸੂਰਜਮੁਖੀ ਦੇ ਬੀਜ, ਫਲ, ਰੋਟੀ, ਬਾਜਰਾ, ਚੋਲ, ਦਲੀਆ ਆਦਿ ਗਰਮੀਆਂ ਵਿੱਚ ਉਨ੍ਹਾਂ ਲਈ ਚੰਗਾ ਭੋਜਨ ਮੰਨਿਆ ਜਾਂਦਾ ਹੈ। ਗਰਮੀਆਂ ਵਿੱਚ ਸਹੀ ਪੋਸ਼ਣ ਪੰਛੀਆਂ ਦੇ ਮੈਟਾਬੋਲਿਜ਼ਮ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਗਰਮੀ ਨਾਲ ਲੜਨ ਲਈ ਸ਼ਕਤੀ ਪ੍ਰਦਾਨ ਕਰਦਾ ਹੈ।

ਅੱਜ ਇਨ੍ਹਾਂ ਪੰਛੀਆਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਜੋ ਪਾਣੀ ਦੀਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਲਈ ਅਸੀਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ। ਸਾਡੇ ਕਾਰਨ ਅੱਜ ਦਰਿਆਵਾਂ ਦਾ ਤਾਜ਼ਾ ਪਾਣੀ ਗੰਦਾ ਹੋ ਗਿਆ ਹੈ, ਰੁੱਖਾਂ ਦੀ ਕਟਾਈ ਤੇਜੀ ਨਾਲ ਹੋ ਰਹੀ ਹੈ, ਛਪੜ ਹੁਣ ਬਹੁਤ ਘਟ ਗਏ ਅਤੇ ਕੱਚੇ ਘਰ ਪੱਕੇ ਘਰਾਂ ਵਿੱਚ ਤਬਦੀਲ ਹੋ ਗਏ। ਅਸੀਂ ਇਨਸਾਨ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ ਪਰ ਇਨ੍ਹਾਂ ਮਾਸੂਮ ਪੰਛੀਆਂ ਬਾਰੇ ਬਿਲਕੁਲ ਨਹੀਂ ਸੋਚਦੇ। ਜੇਕਰ ਅੱਜ ਇਨ੍ਹਾਂ ਮਾਸੂਮ ਪੰਛੀਆਂ ਨੂੰ ਸਾਡੇ ਵਲੋਂ ਕੀਤੀਆਂ ਗਲਤੀਆਂ ਦੀ ਸਜ਼ਾ ਭੁਗਤਣੀ ਪੈ ਰਹੀ ਹੈ ਤਾਂ ਸਾਡਾ ਹੀ ਫ਼ਰਜ਼ ਬਣਦਾ ਹੈ ਕਿ ਅਸੀਂ ਘੱਟੋ- ਘੱਟ ਇਸ ਗਰਮੀ ਦੇ ਮੌਸਮ ਵਿੱਚ ਇਨ੍ਹਾਂ ਲਈ ਦਾਣੇ-ਪਾਣੀ ਦਾ ਪ੍ਰਬੰਧ ਕਰਕੇ ਆਪਣੇ ਵਲੋਂ ਕੀਤੀ ਇਸ ਗਲਤੀ ਦਾ ਥੋੜ੍ਹਾ-ਬਹੁਤ ਸੁਧਾਰ ਕਰੀਏ। ਆਉ, ਅਸੀਂ ਵੀ ਇਸ ਗਰਮੀ ਵਿੱਚ ਪੰਛੀਆਂ ਨੂੰ ਆ ਰਹੀਆਂ ਦਿੱਕਤਾਂ ‘ਚ ਇਹਨਾਂ ਦੀ ਮਦਦ ਕਰੀਏ, ਤਾਂ ਜੋ ਉਹ ਆਪਣੇ ਚਹਿਕਣ ਨਾਲ ਵਾਤਾਵਰਣ ਨੂੰ ਹਮੇਸ਼ਾ ਖੁਸ਼ਹਾਲ ਬਣਾ ਸਕਣ।

✍️ ਬਲਦੇਵ ਸਿੰਘ ਬੇਦੀ

      ਜਲੰਧਰ

      9041925181

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *