ਫਤਿਹਗੜ੍ਹ ਪੰਜਤੂਰ 18 ਅਪ੍ਰੈਲ 2025 ( ਸਤਿਨਾਮ ਸਿੰਘ ਦਾਨੇ ਵਾਲੀਆ ) ਇਲਾਕੇ ਦੀ ਹਰਮਨ ਪਿਆਰੀ ਸਿੱਖਿਆ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ (ਮੋਗਾ) ਵਿਖੇ ਪੰਜ ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫਸਰ ਸੁਨੀਲ ਕੁਮਾਰ ਅਤੇ ਸੂਬੇਦਾਰ ਮੇਜਰ ਸੁਖਮੰਦਰ ਸਿੰਘ ਨੇ ਸਕੂਲ ਵਿੱਚ ਐਨ.ਸੀ.ਸੀ ਕੇਂਦਰ ਦਾ ਨਿਰੀਖਣ ਕੀਤਾ। ਐਨ.ਸੀ.ਸੀ ਕੈਡਿਟਸ ਨੇ ਬਹੁਤ ਹੀ ਉਤਸ਼ਾਹ ਪੂਰਵਕ ਕਰਨਲ ਕਮਾਂਡਿੰਗ ਅਫਸਰ ਸੁਨੀਲ ਕੁਮਾਰ, ਸੂਬੇਦਾਰ ਮੇਜਰ ਸੁਖਮੰਦਰ ਸਿੰਘ ਅਤੇ ਨਾਇਕ ਅਜੇ ਕੁਮਾਰ ਦਾ ਨਿੱਘਾ ਸਵਾਗਤ ਕੀਤਾ। ਇਸ ਸਮੇਂ ਉਹ ਐਨ.ਸੀ.ਸੀ ਕੈਡਿਟਸ ਨੂੰ ਮਿਲੇ ਅਤੇ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕੈਡਿਟਸ ਨੂੰ ਐਨ.ਸੀ.ਸੀ ਰੱਖਣ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਉਹਨਾਂ ਦੱਸਿਆ ਕਿ ਪੜ੍ਹਾਈ ਪੂਰੀ ਕਰਨ ਉਪਰੰਤ ਆਰਮੀ ਦੀ ਨੌਕਰੀ ਲੈਣ ਲਈ ਐਨ.ਸੀ.ਸੀ ਬਹੁਤ ਹੀ ਲਾਭਦਾਇਕ ਸਿੱਧ ਹੋ ਸਕਦੀ ਹੈ। ਐਨ.ਸੀ.ਸੀ ਕੈਡਿਟਸ ਕਮਾਂਡਿੰਗ ਅਫਸਰ ਦੇ ਭਾਸ਼ਣ ਤੋਂ ਬਾਅਦ ਪ੍ਰਭਾਵਿਤ ਹੋਏ। ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਨੂੰ ਕੋਮਲਪ੍ਰੀਤ ਕੌਰ ਅਤੇ ਗਗਨਦੀਪ ਕੌਰ ਨੇ ਸਕੂਲ ਦਾ ਦੌਰਾ ਕਰਵਾਉਂਦੇ ਹੋਏ ਐਨ.ਸੀ.ਸੀ ਰੂਮ ਅਤੇ ਐਨ.ਸੀ.ਸੀ ਦਾ ਰਿਕਾਰਡ ਚੈੱਕ ਕਰਵਾਇਆ, ਜਿਸ ਦੀ ਕਰਨਲ ਕਮਾਂਡਿੰਗ ਅਫਸਰ ਸੁਨੀਲ ਕੁਮਾਰ ਵੱਲੋਂ ਭਰਭੂਰ ਸ਼ਲਾਘਾ ਕੀਤੀ ਗਈ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ, ਐੱਮ.ਡੀ ਸ਼੍ਰੀਮਤੀ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਅਮਰਦੀਪ ਸਿੰਘ ਨੇ ਕਮਾਂਡਿੰਗ ਅਫਸਰ ਸੁਨੀਲ ਕੁਮਾਰ ਦਾ ਸਕੂਲ ਵਿੱਚ ਪਹੁੰਚਣ ਤੇ ਅਤੇ ਵਿਦਿਆਰਥੀਆਂ ਨਾਲ ਐਨ.ਸੀ.ਸੀ ਸਬੰਧੀ ਜਾਣਕਾਰੀ ਸਾਂਝੀ ਕਰਨ ਤੇ ਧੰਨਵਾਦ ਕੀਤਾ।







