ਸ੍ਰੀ ਮੁਕਤਸਰ ਸਾਹਿਬ, 11 ਜੁਲਾਈ ()- ਪੰਜਾਬ ਸਰਕਾਰ ਵੱਲੋਂ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਚਲਾਏ ਜਾ ਰਹੇ ਕਾਰਜਾਂ ਤਹਿਤ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਡੇ ਰੋਡੇ ਵਿਖੇ ਡਾ: ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਡਾ: ਗਗਨਦੀਪ ਸਿੰਘ ਮਾਨ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਸ੍ਰੀ ਮੁਕਤਸਰ ਸਾਹਿਬ ਨਾਲ ਅਗਾਂਹਵਧੂ ਕਿਸਾਨ ਸ੍ਰੀ ਪੂਰਨ ਸਿੰਘ ਅਤੇ ਉਨ੍ਹਾਂ ਪੁੱਤਰ ਸ੍ਰੀ ਬਰਜਿੰਦਰ ਸਿੰਘ ਦੇ ਖੇਤ ਦੀ ਵਿਜ਼ਿਟ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਚੋਂ ਨਿਕਲ ਕੇ ਸਬਜ਼ੀਆਂ ਦੀ ਸਫ਼ਲ ਕਾਸ਼ਤ ਕਰਨ ਸਬੰਧੀ ਆਪਣਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਘੱਟ ਜ਼ਹਿਰਾਂ ਅਤੇ ਖਾਦਾਂ ਨਾਲ ਨਹਿਰੀ ਪਾਣੀ ਵਰਤ ਕੇ ਗੁੱਣਵੱਤਾ ਭਰਪੂਰ ਸ਼ਬਜ਼ੀਆਂ ਦੀ ਕਾਸ਼ਤ ਕਰਨਗੇ ਅਤੇ ਆਪਣਾ ਇੱਕ ਵਿਸ਼ੇਸ਼ ਬ੍ਰਾਂਡ ਤਿਆਰ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਆਪਣੀ ਕਾਸ਼ਤ ਕੀਤੀ ਸਬਜ਼ੀ ਦਾ ਮੰਡੀਕਰਨ ਆਪ ਕਰਨਗੇ ਅਤੇ ਖਪਤਕਾਰ ਦਾ ਵਿਸ਼ਵਾਸ਼ ਬਰਕਰਾਰ ਰੱਖਣਗੇ। ਇਸ ਮੌਕੇ ਡਾ: ਗਿੱਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਸਾਡੇ ਮਹਿਕਮੇ ਵਿੱਚ ਜਵਾਰ ਅਤੇ ਬਾਜਰੇ ਦਾ ਉਨਤ ਬੀਜ਼ ਘੱਟ ਰੇਟ ’ਤੇ ਆਇਆ ਹੋਇਆ ਹੈ, ਜਿਸ ਨੂੰ ਕਿਸਾਨ ਮੋਟੇ ਅਨਾਜ਼ ਵਜੋਂ ਆਪਣੇ ਖੇਤਾਂ ਵਿੱਚ ਬੀਜ਼ਣ ਅਤੇ ਵੱਧ ਮੁਨਾਫ਼ਾ ਹਾਸਿਲ ਕਰਨ। ਉਨ੍ਹਾਂ ਕਿਹਾ ਕਿ ਹੋਰ ਕਿਸਾਨ ਵੀ ਪੂਰਨ ਸਿੰਘ ਦੀ ਤਰ੍ਹਾਂ ਆਪਣਾ ਕੁਝ ਰਕਬਾ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ, ਸਬਜ਼ੀਆਂ ਅਤੇ ਫ਼ਲਦਾਰ ਬੂਟਿਆਂ ਅਧੀਨ ਲਿਆਉਣ ਤਾਂ ਜੋ ਆਪਾਂ ਪਾਣੀ ਦੀ ਬਚਤ ਕਰ ਸਕੀਏ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖ ਸਕੀਏ। ਇਸ ਦੌਰਾਨ ਉਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਨਿਰੀਖ਼ਣ ਵੀ ਕੀਤਾ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਵਧੇਰੇ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਹੈਲਪ ਡੈਸਕ ਨੰਬਰ 98781—66287 ’ਤੇ ਸੰਪਰਕ ਕਰਨ।






