ਜਗਰਾਉਂ 20 ਅਪ੍ਰੈਲ (ਜਸਵਿੰਦਰ ਸਿੰਘ ਡਾਂਗੀਆ )ਇਲਾਕੇ ਦੇ ਵੱਡੇ ਸੰਘਰਸਸੀਲ ਪਿੰਡ ਅਖਾੜਾ ਚ ਪਿਛਲੇ ਇੱਕ ਸਾਲ ਤੋਂ ਬਾਇਓ ਗੈਸ ਫੈਕਟਰੀ ਬੰਦ ਕਰਾਉਣ ਲਈ ਚੱਲ ਰਹੇ ਸੰਘਰਸ਼ ਮੋਰਚੇ ਚ ਗਦਰੀ ਬੀਬੀ ਗੁਲਾਬ ਕੋਰ ਦੇ ਸ਼ਤਾਬਦੀ ਵਰੇ ਨੂੰ ਸਮਰਪਤ ਚੇਤਨਾ ਸਮਾਗਮ ਕਰਵਾਇਆ ਗਿਆ। ਇਸ ਸਮੇਂ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੇ ਕਲਾਕਾਰਾਂ ਨੇ ਕੁਲਵਿੰਦਰ ਖਹਿਰਾ ਰਚਿਤ ਨਾਟਕ ‘ ਮੈਂ ਕਿਤੇ ਨਹੀ ਕਿਤੇ ਗਿਆ ‘ ਰਾਹੀਂ ਪ੍ਰਵਾਸ ਦੇ ਗਹਿਰੇ ਹੋਏ ਸੰਕਟ ਨੂੰ ਡੰਘਾਈ ਚ ਪੇਸ਼ ਕਰਦਿਆਂ ਦਰਸ਼ਕਾਂ ਨੂੰ ਸੁੰਨ ਕਰ ਦਿੱਤਾ। ਵਿਦੇਸ਼ੀ ਜ਼ਿੰਦਗੀ ਦੇ ਸੁਪਨਿਆਂ ਚ ਗਵਾਚੀ ਜਵਾਨੀ ਦੀ ਹੋ ਰਹੀ ਦੁਰਦਸ਼ਾ ਦਾ ਦਰਦ ਜਿਸ ਖੂਬਸੂਰਤੀ ਨਾਲ ਕਲਾਕਾਰਾਂ ਨੇ ਬਿਆਨ ਕੀਤਾ ਜਨਤਾ ਨੂੰ ਸੋਚਣ ਲਈ ਮਜਬੂਰ ਕਰ ਗਿਆ ਕਿ ਸਰਾਭਿਆਂ ਵਾਂਗ ਅਪਣੀ ਹੀ ਧਰਤੀ ਦੀ ਅਸਲ ਅਜ਼ਾਦੀ ਲਈ ਕਿਓ ਨਹੀ ਲੜਦੇ? ਇਸ ਸਮੇਂ ਅਪਣੇ ਸੰਬੋਧਨ ਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਜਿਸ ਦੇਸ਼ ਦੀ ਅਜ਼ਾਦੀ ਲਈ ਗਦਰੀ ਯੋਧਿਆ ਨੇ ਫਾਂਸੀਆਂ ਝੂਟੀਆਂ ਉਸ ਦੇਸ਼ ਤੇ ਸਾਰੀ ਦੂਨੀਆ ਤੇ ਕਬਜ਼ਾ ਕਰਨ ਲਈ ਡੋਨਾਲਡ ਟਰੰਪ ਨਾਂ ਦਾ ਅਮਰੀਕਾ
ਦਾ ਰਾਸ਼ਟਰਪਤੀ ਟੈਰਿਫ ਦੀ ਆੜ ਚ ਲੋਕ ਵਿਰੋਧੀ ਸਾਜ਼ਿਸ਼ਾਂ ਰਚ ਰਿਹਾ ਹੈ। ਉਨਾਂ ਦੱਸਿਆ ਕਿ ਮੋਦੀ ਹਕੂਮਤ ਦੋਹੇ ਹੱਥੀ ਟਰੰਪ ਦੀਆਂ ਨੀਤੀਆਂ ਨੂੰ ਦੇਸ਼ ਚ ਲਾਗੂ ਕਰਕੇ ਦੇਸ਼ ਨੂੰ ਅਮਰੀਕਾ ਦਾ ਗੁਲਾਮ ਬਣਾ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਦੀ ਖੇਤੀ ਤੇ ਸਨਅਤੀ ਪੈਦਾਵਾਰ ਟਰੰਪ ਦੀਆਂ ਟੈਰਿਫ ਨੀਤੀਆਂ ਦਾ ਸ਼ਿਕਾਰ ਹੋਕੇ ਦੇਸ਼ ਚ ਮਹਿੰਗਾਈ ਤੇ ਬੇਰੁਜਗਾਰੀ ਨੂੰ ਜ਼ਰਬਾਂ ਦੇਵੇਗੀ ਜਿਸ ਦਾ ਵਿਰੋਧ ਕਰਨਾ ਅੱਜ ਸਮੇਂ ਦੀ ਲੋੜ ਹੈ। ਇਸ ਸਮੇਂ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੇ ਜਿਲਾ ਸੱਕਤਰ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਕੈਂਸਰ ਗੈਸ ਫੈਕਟਰੀ ਵਿਰੁੱਧ ਸੰਘਰਸ਼ ਫੈਕਟਰੀ ਬੰਦ ਹੋਣ ਤੱਕ ਜਾਰੀ ਰਹੇਗਾ। ਉਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਓਂਦੀ ਹਾਈਕੋਰਟ ਤਰੀਖ ਦੀ ਆੜ ਚ ਪੁਲਸ ਜਬਰ ਢਾਹੁਣ ਦੇ ਰਾਹ ਤੁਰੀ ਤਾਂ ਇਸ ਦਾ ਡੱਟ ਕੇ ਟਾਕਰਾ ਕੀਤਾ ਜਾਵੇਗਾ।ਉਨਾਂ ਕਿਹਾ ਕਿ ਪਿੰਡ ਅਖਾੜਾ ਅਤੇ ਇਲਾਕੇ ਦੇ ਲੋਕ ਕਿਸੇ ਵੀ ਹਾਲਤ ਚ ਕੈਂਸਰ ਗੈਸ ਫੈਕਟਰੀ ਨਹੀ ਚੱਲਣ ਦੇਣ ਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਇੰਨਾਂ ਬਾਇਓ ਗੈਸ ਫ਼ੈਕਟਰੀਆਂ ਦੇ ਲਾਇੰਸੈਸ ਤੁਰੰਤ ਰੱਦ ਕਰੇ । ਉੱਨਾਂ ਭੂੰਦੜੀ ਕੈੰਸਰ ਗੈਸ ਫੈਕਟਰੀ ਮਾਲਕ ਵਲੋ ਸਮਾਨ ਚੁਕ ਲੈਣ ਨੂੰ ਭੂੰਦੜੀ ਦੇ ਸੰਘਰਸਸੀਲ ਲੋਕਾਂ ਦੀ ਅੰਸ਼ਕ ਜਿੱਤ ਕਰਾਰ ਦਿੱਤਾ। ਇਸ ਸਮੇਂ ਮਨਿੰਦਰ ਸਿੰਘ ਨੰਨੂ ਨੇ ਵੀ ਸੰਬੋਧਨ ਕੀਤਾ।ਸੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਤੇਜ਼ੀ ਨੇ ਮੰਚ ਸੰਚਾਲਨ ਕੀਤਾ। ਗੀਤਕਾਰ ਰਾਮ ਸਿੰਘ ਹਠੂਰ ਨੇ ਗੀਤ ਪੇਸ਼ ਕੀਤੇ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ , ਸਰਪੰਚ ਜਸਵੀਰ ਸਿੰਘ,ਹਰਦੇਵ ਸਿੰਘ ਅਖਾੜਾ, ਦਰਸ਼ਨ ਸਿੰਘ ਅਖਾੜਾ ਆਦਿ ਆਗੂ ਹਾਜਰ ਸਨ। ਇਸ ਸਮੇਂ ਅੋਰਤਾਂ ਦੀ ਗਿਣਤੀ ਸਲਾਹੁਣਯੋਗ ਸੀ।






