ਸ਼੍ਰੀ ਮੁਕਤਸਰ ਸਾਹਿਬ, 07 ਜੁਲਾਈ ()- ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਮੰਡਲ ਸ੍ਰੀ ਮੁਕਤਸਰ ਸਾਹਿਬ ਦੀ ਮਹੀਨਾਵਾਰੀ ਮੀਟਿੰਗ ਡਿਵੀਜ਼ਨ ਪ੍ਰਧਾਨ ਕੁਲਵੰਤ ਸਿੰਘ ਸਰਾਂ ਦੀ ਪ੍ਰਧਾਨਗੀ ਵਿੱਚ ਕੰਪਲੇਂਟ ਸੈਂਟਰ ਮੁਕਤਸਰ ਵਿਖੇ ਹੋਈ। ਮੀਟਿੰਗ ਵਿੱਚ ਪੈਨਸ਼ਨਰ ਸਾਥੀਆਂ ਦੀਆਂ ਮੁਸ਼ਕਿਲਾਂ ਨੂੰ ਵਿਚਾਰਿਆ ਗਿਆ ਅਤੇ ਉਹਨਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਆਪਣੇ ਸਤਿਕਾਰਯੋਗ ਸਾਥੀ ਗੁਰਮੇਲ ਸਿੰਘ ਦੋਦਾ ਸਾਬਕਾ ਪ੍ਰਧਾਨ ਪੀਐਸਪੀਸੀ ਐਲ ਇੰਮਪਲਾਈਜ ਫੈਡਰੇਸ਼ਨ ਦੇ ਅਚਾਨਕ ਅਕਾਲ ਚਲਾਣਾ ਕਰਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਸਾਥੀ ਵੱਲੋਂ ਜਥੇਬੰਦੀ ਲਈ ਦਿੱਤੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਮੀਟਿੰਗ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਕਰਕੇ ਅਤੇ ਕੌਡੀਆਂ ਦੇ ਭਾਅ ਸਰਮਾਏਦਾਰਾਂ ਨੂੰ ਵੇਚਣ ਵਿਰੁੱਧ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 9 ਜੁਲਾਈ 2025 ਨੂੰ ਕੀਤੀ ਜਾ ਰਹੀ ਇੱਕ ਰੋਜ਼ਾ ਹੜ੍ਹਤਾਲ ਦਾ ਪੂਰਨ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂ ਜੋ ਕੇਂਦਰ ਸਰਕਾਰ ਵੱਲੋਂ ਆਪਣੀਆਂ ਨਿੱਜੀਕਰਨ ਦੀਆਂ ਨੀਤੀਆਂ ਅਤੇ ਮੁਲਾਜ਼ਮ ਵਿਰੋਧੀ ਫੈਸਲਿਆਂ ਨੂੰ ਰੋਕਿਆ ਜਾ ਸਕੇ। ਮੀਟਿੰਗ ਵਿੱਚ ਕੁਲਵੰਤ ਸਿੰਘ ਸਰਾਂ, ਜਗਤਾਰ ਸਿੰਘ, ਬਲਜੀਤ ਸਿੰਘ ਕ੍ਰਿਪਾਲ ਕੇ, ਬਸੰਤ ਸਿੰਘ, ਗੁਰਜੰਟ ਸਿੰਘ। ਬਲਜੀਤ ਸਿੰਘ ਭੁੱਲਰ, ਗੁਰਦੇਵ ਸਿੰਘ ਬਾਵਾ, ਨਛੱਤਰ ਸਿੰਘ ਥਾਂਦੇਵਾਲਾ ਅਤੇ ਬਲਦੇਵ ਸਿੰਘ ਫੋਰਮੈਨ ਨੇ ਵੀ ਸੰਬੋਧਨ ਕੀਤਾ।






