ਅੰਮ੍ਰਿਤਸਰ ,15 ਅਗਸਤ (ਦਿਨੇਸ਼ ਸੋਨੀ) ਸੰਸਾਰ ਵਿੱਚ ਲੋਕ ਆਉਂਦੇ ਹਨ, ਅਤੇ ਚਲੇ ਜਾਂਦੇ ਹਨ। ਹਾਲਾਂਕਿ ਆਉਣ ਵਾਲਿਆਂ ਦੀ ਗਿਣਤੀ ਤਾਂ ਦੱਸੀਂ ਜਾ ਸਕਦੀ ਹੈ ਲੇਕਿਨ ਜਾਣ ਵਾਲਿਆ ਦੀ ਗਿਣਤੀ ਦਾ ਅੰਦਾਜਾ ਲਗਾਉਣਾਂ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮੁਕਿਨ ਹੈ। ਕੁਝ ਲੋਕ ਸੰਸਾਰ ਵਿੱਚ ਵਿਚਰਦਿਆਂ ਐਸੇ ਕਰਮ ਕਰ ਜਾਂਦੇ ਹਨ ਜਿਨ੍ਹਾਂ ਨੂੰ ਰਹਿੰਦੀ ਦੂਨੀਆਂ ਤੱਕ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਇਕ ਸਨ ਗੁਰੂ ਘਰ ਦੇ ਅਨਿਨ ਸੇਵਕ ਸਰਦਾਰਨੀ ਗੁਰਮੇਜ ਕੌਰ ਜੀ।ਜੋ ਕੁਝ ਦਿਨ ਪਹਿਲਾਂ ਸਾਰੇ ਪਰਿਵਾਰ, ਸਕੇਂ ਸਬੰਧੀਆਂ ਨੂੰ ਰੋਂਦਿਆ ਕੁਰਲਾਉਂਦਿਆਂ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਸਾਥੋਂ ਵਿਛੜ ਗਏ।ਗੁਰਪੁਰ ਵਾਸੀ ਮਾਤਾ ਗੁਰਮੇਜ ਕੌਰ ਦੇ ਸਪੁੱਤਰ ਸ੍ ਬਲਦੇਵ ਸਿੰਘ ਸਿੰਘ ਧੁੰਨ ਇੰਚਾਰਜ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਨਾਲ ਮੇਰੀ ਫੋਨ ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸਾਂਘਾ ਸਾਹਿਬ”ਮੇਰੇ ਪਿਤਾ ਸ੍ ਜਗੀਰ ਸਿੰਘ ਜੀ ਵੀ1999 ਵਿਚ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਰੂਪੀ ਪੂੰਜੀ ਭੋਗ ਕੇ ਹੱਸਦੇ ਖੇਡਦੇ ਪਰਿਵਾਰ ਨੂੰ ਇਕੱਲਿਆ ਛੱਡ ਕੇ ਗੁਰੂ ਚਰਨਾਂ ਚ ਜਾ ਬਿਰਾਜੇ ਸਨ”। ਗੱਲਬਾਤ ਕਰਦਿਆਂ ਸ੍ਰ ਬਲਦੇਵ ਸਿੰਘ ਧੁੰਨ ਦੇ ਨੈਣ ਕਟੋਰੇ ਭਰ ਗਏ ਜਦ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸੋਹਣਾ ਸੁਨੱਖਾ ਭਰਾ ਭਾਈ ਸੁਖਦੇਵ ਸਿੰਘ ਭਰ ਜੁਆਨੀ ਜੋਬਨ ਰੁੱਤੇ ਅੱਤਵਾਦ ਦੇ ਕਾਲੇ ਦੌਰ ਦੀ ਝੁੱਲੀ ਹਨੇਰੀ ਦਾ ਸ਼ਿਕਾਰ ਹੋ ਗਿਆ। ਸਮੇਂ ਦੀ ਜ਼ਾਲਮ ਹਕੂਮਤ ਨੇ ਉਸ ਨੂੰ ਸ਼ਹੀਦ ਕਰ ਦਿੱਤਾ। ਭਿਜੀਆਂ ਅੱਖੀਆਂ ਨਾਲ ਉਨ੍ਹਾਂ ਦੱਸਿਆ ਕਿ ਵੀਰ ਸੁੱਖਦੇਵ ਸਿੰਘ ਦੇ ਅੰਗੀਠੇ ਵੀ ਰਾਖ ਹਾਲੇ ਠੰਢੀ ਵੀ ਨਹੀਂ ਸੀ ਹੋਈ ਕਿ ਪਰਿਵਾਰ ਤੇ ਇਕ ਹੋਰ ਦੁਖਾਂ ਦਾ ਪਹਾੜ ਡਿੱਗ ਪਿਆ।ਮਾਤਾ ਜੀ ਲਗਪਗ 75 ਵਰਿਆਂ ਦੇ ਸਨ।ਮਿੱਠ ਬੋਲੜੇ ਮਿਲਨਸਾਰ,ਹਰ ਕਿਸੇ ਦੇ ਦੁਖ ਸੁਖ ਦੇ ਭਾਈਵਾਲ ਗੁਰੂ ਘਰ ਦੇ ਅਨਿਨ ਸੇਵਕ ਭੋਂ ਅਤੇ ਭੌ ਵਿਚ ਜੀਵਨ ਜੀਊਣ ਵਾਲੇ ਸਚਖੰਡ ਵਾਸੀ ਸਰਦਾਰਨੀ ਗੁਰਮੇਜ ਕੌਰ ਦੀ ਕੁੱਖੋਂ ਪੰਜ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ। ਦੋਵਾਂ ਨੇਕ ਅਤੇ ਰੱਬੀ ਰੂਹਾਂ ਮਾਤਾ ਸਰਦਾਰਨੀ ਗੁਰਮੇਜ ਕੌਰ ਪਿਤਾ ਸ੍ ਜਗੀਰ ਸਿੰਘ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਤੋਂ ਇਲਾਵਾ ਉਨ੍ਹਾਂ ਦੀ ਪੜ੍ਹਾਈ ਲਿਖਾਈ ਅਤੇ ਸ਼ੌਕ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਵਿਚ ਕਦੀ ਕੋਈ ਸਮਝੌਤਾ ਨਹੀਂ ਕੀਤਾ।ਦੋਵਾਂ ਜੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਮਾਤਾ ਪਿਤਾ ਦੇ ਫ਼ਰਜ਼ਾਂ ਨੂੰ ਨਿਭਾਉਣ ਲਈ ਬੱਚਿਆਂ ਨੂੰ ਖੂਬ ਪੜਾਇਆ,ਲਿਖਾਇਆ ਵਿਆਹਿਆ। ਅਤੇ ਸਮਾਜ ਵਿਚ ਮੋਢੇ ਨਾਲ ਮੋਢਾ ਜੋੜ ਕੇ ਚਲਣ ਦੇ ਹਾਣੀ ਬਣਾਇਆ।,ਸ੍ ਬਲਦੇਵ ਸਿੰਘ ਸਿੰਘ ਧੁੰਨ ਨੇ ਭਰੇ ਮਨ ਨਾਲ ਦੱਸਿਆ ਕਿ “ਅਸੀਂ ਪੰਜ ਭਰਾ ਸੀ ਲੇਕਿਨ ਹੁਣ ਤਿੰਨ ਰਹਿ ਗਏ ਹਾਂ” ਜਦੋਂ ਮੈਂ ਹੈਰਾਨਗੀ ਨਾਲ ਲੰਮਾ ਹਾਉਕਾ ਲੈ ਕਿ ਪੁਛਿਆ ਕਿ ਇਹ ਕੀ ਕਹਿ ਰਹੇ ਹੋ ? ਤਾਂ “ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਮੇਰਾ ਭਰਾ ਸ੍ ਕੇਵਲ ਸਿੰਘ ਵੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਹੈ”ਗੁਰਪੁਰ ਵਾਸੀ ਸਰਦਾਰਨੀ ਗੁਰਮੇਜ ਕੌਰ ਦੇ ਸਿਰ ਦੇ ਸਾਈਂ ਸ੍ ਜਗੀਰ ਸਿੰਘ ਦੇ ਵਿਛੜੇ , ਅਤੇ ਸ਼ਹੀਦ ਪੁਤ ਭਾਈ ਸੁਖਦੇਵ ਸਿੰਘ ਦੇ ਦੁਖਾਂ ਦੇ ਜ਼ਖ਼ਮ ਅਜੇ ਅੱਲੇ ਹੀ ਸਨ ਕਿ ਇਕ ਹੋਰ ਜੁਆਨ ਪੁੱਤਰ ਦੀ ਮੌਤ ਨੇ ਮਾਤਾ ਜੀ ਨੂੰ ਝੰਜੋੜ ਕੇ ਰੱਖ ਦਿੱਤਾ। ਸ਼ਾਇਦ ਇਹੀ ਮਾਤਾ ਗੁਰਮੇਜ ਕੌਰ ਦੀ ਮੌਤ ਦਾ ਕਾਰਨ ਬਣਿਆ ?ਐਸੀ ਮਮਤਾ ਦੀ ਮੂਰਤ ਦੇ ਸੰਸਾਰ ਤੋਂ ਚਲੇ ਜਾਣ ਦੀ ਕਮੀਂ ਪਰਿਵਾਰ ਤੋਂ ਇਲਾਵਾ ਸਮਾਜ ਦੇ ਹਰ ਵਰਗ ਨੂੰ ਯੁੱਗਾ ਯੁਗਾਂਤਰਾਂ ਤੱਕ ਹਮੇਸ਼ਾ ਰੜਕਦੀ ਰਹੇਗੀ। ਸਚਖੰਡ ਵਾਸੀ ਸਰਦਾਰਨੀ ਗੁਰਮੇਜ ਕੌਰ ਦੀ ਦੇ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 16 ਅਗਸਤ ਸ਼ਨੀਵਾਰ ਦੁਪਹਿਰ 11 ਤੋਂ 1 ਵਜੇ ਦਰਮਿਆਨ ਗੁਰਦੁਆਰਾ ਸਾਧ ਸੰਗਤ ਸਾਹਿਬਜਾਦਾ ਫਤਿਹ ਸਿੰਘ ਕਲੋਨੀ ਵਿਖੇ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗੀ। ਵੱਖ ਵੱਖ ਰਾਗੀ ਜੱਥੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਸਰਵਣ ਕਰਵਾਉਣਗੇ। ਇਸ ਮੌਕੇ ਧਾਰਮਿਕ, ਸਮਾਜਿਕ , ਰਾਜਨੀਤਕ ਸਿੱਖ ਸੰਪਰਦਾਵਾਂ,ਵਿਦਿਅਕ ਅਦਾਰੇ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਹਿਬਾਨ ਸੰਤ ਮਹਾਂਪੁਰਸ਼ ਆਪਣੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਚੇਚੇ ਤੌਰ ਤੇ ਪਹੁੰਚ, ਰਹੇ ਹਨ। ਆਪ ਸੱਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਨੇ ਅੰਤਿਮ ਅਰਦਾਸ ਮੌਕੇ ਸ਼ਮੂਲੀਅਤ ਕਰਦਿਆਂ ਇਹ ਅਰਦਾਸ ਕਰ ਕੇ ਜਾਇਉ। ਦੇਹੋ ਸਜਣ ਅਸੀਸੜੀਆ ਜਿਓਂ ਹੋਵੇ ਸਾਹਿਬ ਸਿਓ ਮੇਲ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ।।






