ਕਪੂਰਥਲਾ , 11 ਜੁਲਾਈ (ਕੌੜਾ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਇੰਚਾਰਜ ਲੈਕਚਰਾਰ ਹਰਵਿੰਦਰ ਭੰਡਾਲ ਨੇ ਕਿਹਾ ਕਿ ਇਹ ਦਿਨ ਸਾਨੂੰ ਮਨੁੱਖੀ ਜਨਸੰਖਿਆ ਨਾਲ ਜੁੜੀਆਂ ਗੁੰਝਲਾਂ ਨੂੰ ਸਮਝਣ ਦਾ ਮੌਕਾ ਦਿੰਦਾ ਹੈ। ਇੱਕ ਪਾਸੇ ਜੇ ਭਾਰਤ ਜਿਹੇ ਮੁਲਕਾਂ ਅੰਦਰ ਅਸੀਂ ਵੱਧ ਅਬਾਦੀ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ ਤਾਂ ਦੂਸਰੇ ਪਾਸੇ ਚੀਨ, ਜਪਾਨ ਅਤੇ ਯੂਰਪ ਦੇ ਮੁਲਕ ਵਧੇਰੇ ਬਜ਼ੁਰਗ ਅਤੇ ਘੱਟ ਅਬਾਦੀ ਦੀਆਂ ਔਕੜਾਂ ਦਾ ਸਾਹਮਣਾ ਕਰ ਰਹੇ ਹਨ। ਇਸ ਪਿੱਛੋਂ ਵਿਦਿਆਰਥੀਆਂ ਦੇ ਇਸ ਦਿਨ ਨਾਲ ਸੰਬੰਧਤ ਸਾਹਿਤ ਸਿਰਜਣਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਕਹਾਣੀ ਸਿਰਜਣਾ ਵਿੱਚ ਸੰਧਿਆ ਨੇ ਪਹਿਲਾ, ਅਮਨਦੀਪ ਕੌਰ ਨੇ ਦੂਸਰਾ ਅਤੇ ਲਵਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਵਿਤਾ ਸਿਰਜਣਾ ਵਿੱਚ ਕੋਮਲਪ੍ਰੀਤ ਪਹਿਲੇ, ਅੰਕੁਸ਼ ਸਿੰਘ ਦੂਸਰੇ ਤੇ ਆਰਤੀ ਕੌਰ ਤੀਸਰੇ ਸਥਾਨ ਉੱਤੇ ਰਹੀ। ਲੇਖ ਸਿਰਜਣਾ ਵਿੱਚ ਪਰਵਿੰਦਰ ਕੌਰ ਨੇ ਪਹਿਲਾ, ਸੋਨੂੰ ਰਾਣੀ ਨੇ ਦੂਸਰਾ ਅਤੇ ਪੂਜਾ ਰਾਣੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੋਸਟਰ ਮੇਕਿੰਗ ਵਿੱਚ ਆਰਤੀ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦ ਕਿ ਰੰਜੂ ਬਾਲਾ ਤੇ ਪਰਵਿੰਦਰ ਕੌਰ ਸਾਂਝੇ ਤੌਰ ਉੱਤੇ ਤੀਸਰੇ ਸਥਾਨ ਉੱਤੇ ਰਹੀਆਂ। ਸੰਸਥਾ ਦੇ ਸਮੂਹ ਅਧਿਆਪਕਾਂ ਲੈਕਚਰਾਰ ਸ੍ਰੀ ਸੰਦੀਪ ਅਰੋੜਾ, ਲੈਕਚਰਾਰ ਸ੍ਰੀਮਤੀ ਨੀਲਮ ਵਰਮਾ ਅਤੇ ਅਸਿਸਟੈਂਟ ਮੈਂਟਰ ਸ੍ਰੀਮਤੀ ਰਜਨੀ ਵਾਲੀਆ ਨੇ ਮੁਕਾਬਲਿਆਂ ਦੇ ਜੱਜਾਂ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਜੂਨੀਅਰ ਸਹਾਇਕ ਸ੍ਰੀਮਤੀ ਰੁਪਿੰਦਰ ਕੌਰ ਅਤੇ ਕਾਂਤਾ ਵੀ ਹਾਜ਼ਰ ਸਨ।






