ਸ੍ਰੀ ਮੁਕਤਸਰ ਸਾਹਿਬ, 24 ਜੂਨ ()- ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਪੂਰੇ ਪੰਜਾਬ ਅੰਦਰ 27 ਡਿੱਪੂਆਂ ’ਚ ਗੇਟ ਰੈਲੀਆਂ ਕੀਤੀਆਂ ਗਈਆਂ। ਇਸੇ ਤਹਿਤ ਸ੍ਰੀ ਮੁਕਤਸਰ ਸਾਹਿਬ ਡਿੱਪੂ ਦੇ ਗੇਟ ਅੱਗੇ ਰੈਲੀ ਕੀਤੀ ਗਈ। ਇਸ ਦੌਰਾਨ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਡਿਪੂ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾ ਨੂੰ ਤਿੰਨ ਸਾਲਾਂ ਤੋਂ ਨਜ਼ਰ ਅੰਦਾਜ਼ ਕਰਦੀ ਆ ਰਹੀ ਹੈ। ਹਰ ਵਾਰ ਮੀਟਿੰਗ ’ਚ ਸਿਰਫ ਸਮਾ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਰੋਸ ਵਜੋਂ 30 ਜੂਨ ਨੂੰ ਸਟੇਟ ਟਰਾਂਸਪੋਰਟ ਡਾਇਰੈਕਟਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਤੇ ਆਧਿਕਾਰੀ ਦੀ ਪੋਲ ਖੋਲੀ ਜਾਵੇਗੀ। ਡਿੱਪੂ ਚੇਅਰਮੈਨ ਤਰਸੇਮ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਟਰਾਂਸਪੋਰਟ ਵਿਭਾਗ ’ਚ ਗੈਰਕਾਨੂੰਨੀ ਤਰੀਕੇ ਨਾਲ ਆਊਟ ਸੋਰਸ ( ਠੇਕੇਦਾਰੀ ਸਿਸਟਮ) ਤਹਿਤ ਭਰਤੀ ਕਰਨ ’ਚ ਹੋਈ ਕੁਰਪਸ਼ਨ ਦੀ ਸ਼ਿਕਾਇਤ ਪਹਿਲਾਂ ਵੀ ਮਾਨਯੋਗ ਪ੍ਰਮੁੱਖ ਸਕੱਤਰ ਪੰਜਾਬ ਨੂੰ 19-12-2022 ਨੂੰ ਯੂਨੀਅਨ ਵੱਲੋਂ ਕਰ ਚੁੱਕੇ ਹਾਂ ਪਰ ਕਰਵਾਈ ਕਰਨ ਦੀ ਬਜਾਏ ਹੁਣ ਫੇਰ ਕੁਰਪਸ਼ਨ ਕਰਨ ਦੀ ਮਨਸ਼ਾ ਨਾਲ ਬਿਨਾਂ ਐਗਰੀਮੈਂਟ ਦੇ ਗੈਰਕਾਨੂੰਨੀ ਤਰੀਕੇ ਨਾਲ ਠੇਕੇਦਾਰ ਪਾਸੋਂ ਠੇਕੇਦਾਰੀ ਸਿਸਟਮ ਤਹਿਤ ਭਰਤੀ ’ਚ ਨੌਜਵਾਨਾਂ ਤੋਂ 1 ਲੱਖ ਤੋਂ ਡੇਢ ਦੋ ਲੱਖ ਰੁਪਏ ਤੱਕ ਕੁਰੱਪਸ਼ਨ ਕੀਤੀ ਜਾ ਰਹੀ ਹੈ। ਇਸ ਸਰਕਾਰ ’ਚ ਕੁਰੱਪਸ਼ਨ ਸਿਖਰਾਂ ’ਤੇ ਹੈ। ਕੈਸ਼ੀਅਰ ਗੁਰਵਿੰਦਰ ਸਿੰਘ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਜੰਥੇਬੰਦੀ ਦੀਆਂ ਮੀਟਿੰਗਾਂ 100 ਤੋਂ ਵੀ ਵੱਧ ਹੋ ਗਈਆਂ ਹਨ ਸਰਕਾਰ ਅਤੇ ਮੈਨੇਜਮੈਂਟ ਦੇ ਨਾਲ ਹਰ ਵਾਰੀ ਮੁੱਦੇ ਤੋਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 3 ਸਾਲਾ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਭਾਗ ’ਚ ਇੱਕ ਵੀ ਨਵੀਂ ਬੱਸ ਨਹੀਂ ਪਾਈ। ਦੋਵੇਂ ਵਿਭਾਗਾਂ ’ਚ ਪੰਜਾਬ ਦੀ ਆਬਾਦੀ ਦੇ ਮੁਤਾਬਿਕ ਬੱਸਾਂ ਦੀ ਬੜੀ ਵੱਡੀ ਘਾਟ ਹੈ। ਹਰ ਇੱਕ ਬੱਸ ’ਚ 100 ਸਵਾਰੀ ਸਫ਼ਰ ਕਰਦੀ ਹੈ ਹਰ ਰੋਜ਼ ਪੰਜਾਬ ਦੀ ਪਬਲਿਕ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨ ਪੈਂਦਾ ਜੇਕਰ ਸਰਕਾਰ ਮੰਗ ਦਾ ਹੱਲ ਕਰੇ ਮੁਲਾਜ਼ਮਾਂ ਨੂੰ ਨਿੱਤ ਸੰਘਰਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਸਰਕਾਰ ਠੇਕੇਦਾਰੀ ਸਿਸਟਮ ਕਰੇ ਤੇ ਪੰਜਾਬ ਦੇ ਨੌਜਵਾਨ ਨੂੰ ਪੱਕਾ ਰੋਜ਼ਗਾਰ ਦੇਵੇ। ਜੇਕਰ ਸਰਕਾਰ ਨੇ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ ਜਲਦੀ ਪੱਕਾ ਤੇ ਠੇਕੇਦਾਰੀ ਸਿਸਟਮ ਨੂੰ ਬੰਦ ਨਹੀਂ ਕੀਤਾ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਨਹੀਂ ਕੀਤਾ ਅਤੇ ਮੰਗ ਪੱਤਰ ਦੇ ਅਨੁਸਾਰ ਨਵੀਆਂ ਬੱਸਾਂ ਨਹੀਂ ਪਾਈਆਂ ਤਾਂ ਆਉਣ ਵਾਲੀ 09-10-11 ਜੁਲਾਈ ਨੂੰ ਪੂਰਨ ਤੌਰ ’ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਪੱਕਾ ਧਰਨਾ ਦਿੱਤਾ ਜਾਵੇਗਾ। ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਇਸ ਧਰਨੇ ਨੂੰ ਨਿਰੰਤਰ ਵੀ ਚਲਾਇਆ ਜਾਵੇਗਾ। ਪੰਜਾਬ ਦੀ ਜਨਤਾ ਨੂੰ ਹੋਣਾ ਵਾਲੀ ਖੱਜਲ ਖ਼ੁਆਰੀ ਦੀ ਜ਼ਿਮੇਵਾਰੀ ਸਰਕਾਰ ਹੋਵੇਗੀ।





