ਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਪਿੰਡ ਪਨਿਆਲੀ ਕਲਾਂ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਰੋਪੜ-ਫਗਵਾੜਾ ਨੈਸ਼ਨਲ ਹਾਈਵੇ ’ਤੇ ਪਨਿਆਲੀ ਖੁਰਦ ਬੱਸ ਸਟੈਂਡ ਨੇੜੇ ਠੰਢੇ ਮਿੱਠੇ ਜਲ ਦੀ ਵਿਸ਼ਾਲ ਛਬੀਲ ਲਗਾਈ ਗਈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਅਤੇ ਰਾਹਗੀਰਾਂ ਦੀ ਸੇਵਾ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਕੀਤੀ ਗਈ। ਸਵੇਰੇ ਦਸ ਵਜੇ ਤੋਂ ਸ਼ੁਰੂ ਹੋਈ ਇਸ ਛਬੀਲ ਦੌਰਾਨ ਦੇਰ ਸ਼ਾਮ ਤੱਕ ਹਜ਼ਾਰਾਂ ਰਾਹਗੀਰਾਂ, ਵਾਹਨ ਚਾਲਕਾਂ ਅਤੇ ਯਾਤਰੀਆਂ ਨੂੰ ਠੰਢਾ ਮਿੱਠਾ ਜਲ, ਛੋਲਿਆਂ ਦਾ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ। ਤਪਦੀ ਗਰਮੀ ਵਿੱਚ ਸੇਵਾਦਾਰਾਂ ਵੱਲੋਂ ਨਿਭਾਈ ਗਈ ਇਹ ਨਿਸ਼ਕਾਮ ਸੇਵਾ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਈ ਅਤੇ ਰਾਹਗੀਰਾਂ ਨੇ ਇਸ ਸ਼ਲਾਘਾਯੋਗ ਉਪਰਾਲੇ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਇਸ ਵਿਸ਼ੇਸ਼ ਮੌਕੇ ਸਿੰਘ ਸਭਾ ਗੁਰਦੁਆਰਾ ਸਾਹਿਬ ਪਨਿਆਲੀ ਕਲਾਂ ਦੇ ਮੁੱਖ ਸੇਵਾਦਾਰ ਪਾਠੀ ਅਵਤਾਰ ਸਿੰਘ, ਪ੍ਰਧਾਨ ਜੋਗਿੰਦਰ ਸਿੰਘ ਮਾਨ, ਸੇਵਾ ਮੁਕਤ ਫੌਜੀ ਹੌਲਦਾਰ ਪਾਖਰ ਸਿੰਘ, ਹਰਨੇਕ ਸਿੰਘ, ਨੇਕਾ ਪੰਚ, ਮੱਖਣ ਸਿੰਘ ਪੰਚ, ਬਲਵੀਰ ਸਿੰਘ, ਬਾਰਾ ਸਿੰਘ, ਗੁਰਦੀਪ ਸਿੰਘ, ਅਜਾਇਬ ਸਿੰਘ, ਬਲਵਿੰਦਰ ਸਿੰਘ, ਮਨਵੀਰ ਸਿੰਘ, ਬਲਕਾਰ ਸਿੰਘ, ਜਸਕਰਨ ਸਿੰਘ, ਬਲਿਹਾਰ ਸਿੰਘ, ਬਹਾਦਰ ਸਿੰਘ, ਗੁਰਪਾਲ ਸਿੰਘ, ਸਮਿੰਦਰ ਸਿੰਘ, ਪੁਰਸ਼ੋਤਮ ਸਿੰਘ ਅਤੇ ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸੇਵਾ ਵਿੱਚ ਸਰਗਰਮ ਯੋਗਦਾਨ ਪਾਇਆ। ਪਿੰਡ ਵਾਸੀਆਂ ਨੇ ਗੁਰੂ ਚਰਨਾਂ ਵਿੱਚ ਸ਼ਰਧਾ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ, ਸਹਿਣਸ਼ੀਲਤਾ, ਸੇਵਾ ਅਤੇ ਪਰਉਪਕਾਰ ਦਾ ਅਮਰ ਸੰਦੇਸ਼ ਦਿੰਦੀ ਹੈ ਅਤੇ ਇਸੇ ਪਵਿੱਤਰ ਪ੍ਰੇਰਨਾ ਸਦਕਾ ਹਰ ਸਾਲ ਇਹ ਛਬੀਲ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ, ਤਾਂ ਜੋ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਅਸਲ ਜੀਵਨ ਵਿੱਚ ਕਮਾਇਆ ਜਾ ਸਕੇ।