ਫ਼ਰੀਦਕੋਟ, 13 ਜੁਲਾਈ (ਮਨਜੀਤ ਸਿੰਘ ਢੱਲਾ)- ਮਿਸ਼ਨ 2027 ਤਹਿਤ ਲੋਕ ਸੇਵਾ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਸਾਦਿਕ ਚੌਂਕ, ਫ਼ਰੀਦਕੋਟ ਵਿਖੇ ਭਾਰਤੀ ਕ੍ਰਿਤ੍ਰਿਮ ਅੰਗ ਨਿਰਮਾਣ ਨਿਗਮ ਦੇ ਸਹਿਯੋਗ ਨਾਲ ਤੀਜਾ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 55 ਲੋੜਵੰਦ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ ਸਰਕਾਰੀ ਭਲਾਈ ਯੋਜਨਾਵਾਂ ਤਹਿਤ ਬੈਟਰੀ ਨਾਲ ਚੱਲਣ ਵਾਲੀਆਂ ਟ੍ਰਾਈਸਾਈਕਲਾਂ, ਵ੍ਹੀਲਚੇਅਰਾਂ, ਹੱਥ ਨਾਲ ਚੱਲਣ ਵਾਲੀਆਂ ਟ੍ਰਾਈਸਾਈਕਲਾਂ, ਸੁਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਸਹਾਇਕ ਉਪਕਰਣ ਮੁਫ਼ਤ ਵੰਡੇ ਗਏ।ਇਸ ਮੌਕੇ ਸਮਾਜਸੇਵੀ ਅਰਸ਼ ਸੱਚਰ ਨੇ ਕਿਹਾ ਕਿ ਮਿਸ਼ਨ 2027 ਦਾ ਮਕਸਦ ਹਰ ਲੋੜਵੰਦ ਤੱਕ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ, ਤਾਂ ਜੋ ਕੋਈ ਵੀ ਵਿਅਕਤੀ ਆਰਥਿਕ ਤੰਗੀ ਕਾਰਨ ਜ਼ਰੂਰੀ ਸਹਾਇਤਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣਾ ਹੀ ਇਸ ਮੁਹਿੰਮ ਦੀ ਸਭ ਤੋਂ ਵੱਡੀ ਕਾਮਯਾਬੀ ਹੈ।ਅਰਸ਼ ਸੱਚਰ ਨੇ ਭਾਰਤੀ ਕ੍ਰਿਤ੍ਰਿਮ ਅੰਗ ਨਿਰਮਾਣ ਨਿਗਮ ਦੇ ਅਧਿਕਾਰੀਆਂ, ਮੈਡੀਕਲ ਟੀਮ, ਕਰਮਚਾਰੀਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਿਹਤ, ਦਿਵਿਆਂਗ ਸਹਾਇਤਾ, ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਹੋਰ ਲੋਕ ਭਲਾਈ ਕਾਰਜਾਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।




