ਅੰਮ੍ਰਿਤਸਰ, 25 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਕ੍ਰਾਂਤੀ ਤਹਿਤ ਸਿਹਤ ਸੇਵਾਵਾਂ ਦਾ ਘੇਰਾ ਵਿਸ਼ਾਲ ਕਰਨ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ 14 ਨਵੇਂ `ਆਮ ਆਦਮੀ ਕਲੀਨਿਕ` ਸ਼ੁਰੂ ਕਰਕੇ ਲੋਕ ਅਰਪਣ ਕੀਤੇ ਗਏ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੂਬੇ ਵਿੱਚ 100 ਨਵੇਂ ਆਮ ਆਦਮੀ ਕਲੀਨਿਕਾਂ ਦੇ ਕੀਤੇ ਗਏ ਰਸਮੀ ਉਦਘਾਟਨ ਲੜੀ ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵੀ ਇਹ ਕਲੀਨਿਕ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕੀਤੇ ਗਏ।ਇਨ੍ਹਾਂ ਨਵੇਂ ਕਲੀਨਿਕਾਂ ਦਾ ਉਦਘਾਟਨ ਵੱਖ-ਵੱਖ ਥਾਵਾਂ `ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਵਿਧਾਇਕ ਡਾ. ਅਜੈ ਗੁਪਤਾ, ਵਿਧਾਇਕ ਮੈਡਮ ਜੀਵਨਜੋਤ ਕੌਰ ਅਤੇ ਹਲਕਾ ਇੰਚਾਰਜ ਸ਼੍ਰੀ ਕਰਮਜੀਤ ਸਿੰਘ ਰਿੰਟੂ ਵੱਲੋਂ ਕੀਤਾ ਗਿਆ।ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜਿਨ੍ਹਾਂ 14 ਮੁੱਖ ਸਥਾਨਾਂ `ਤੇ ਆਮ ਆਦਮੀ ਕਲੀਨਿਕ ਸ਼ੁਰੂ ਹੋਏ ਹਨ ਉਨ੍ਹਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਆਰਿਆ ਸਮਾਜ ਮੰਦਰ, ਕੇਂਦਰੀ ਜੇਲ੍ਹ, ਕਾਂਗੜਾ ਕਲੋਨੀ, ਲੇਬਰ ਕਲੋਨੀ (ਖੰਡ ਵਾਲਾ), ਬਾਬਾ ਦੀਪ ਸਿੰਘ ਕਲੋਨੀ (ਨੰਗਲੀ), ਮੂਲੇ ਚੱਕ, ਨੇੜੇ ਆਰਿਆ ਸਮਾਜ ਸਕੂਲ, ਨਿਊ ਅੰਮ੍ਰਿਤਸਰ, ਸੰਤ ਚੰਨਨ ਸਿੰਘ ਕਲੋਨੀ, ਸਾਊਥ ਸਿਟੀ, ਸ਼੍ਰੀ ਗੁਰੂ ਹਰਗੋਬਿੰਦ ਸਟੇਡੀਅਮ (ਦਬੁਰਜੀ ਲਿੰਕ ਰੋਡ), ਵਾਰਡ ਨੰਬਰ 10 (ਗੰਡਾ ਸਿੰਘ ਵਾਲਾ), ਵਾਰਡ ਨੰਬਰ 12 (ਤੁੰਗ ਬਾਲਾ) ਸ਼ਾਮਿਲ ਸਨ। ਵਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਵਿਧਾਇਕ ਡਾ. ਅਜੈ ਗੁਪਤਾ, ਵਿਧਾਇਕ ਮੈਡਮ ਜੀਵਨਜੋਤ ਕੌਰ ਅਤੇ ਹਲਕਾ ਇੰਚਾਰਜ ਸ਼੍ਰੀ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਇਹ ਆਮ ਆਦਮੀ ਕਲੀਨਿਕ ਆਮ ਜਨਤਾ ਨੂੰ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨੇੜੇ ਉੱਚ ਮਿਆਰ ਦੀਆਂ ਪ੍ਰਾਇਮਰੀ ਸਿਹਤ ਸਹੂਲਤਾਂ ਦੇਣ ਵਿੱਚ ਅਹਿਮ ਰੋਲ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਮੁਫ਼ਤ ਡਾਕਟਰੀ ਜਾਂਚ, ਜ਼ਰੂਰੀ ਦਵਾਈਆਂ ਅਤੇ ਲੈਬ ਟੈਸਟਾਂ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਸਿਵਲ ਸਰਜਨ ਡਾ. ਰਸ਼ਮੀ ਤਲਵਾੜ, ਕੇਂਦਰੀ ਜੇਲ ਸੁਪਰਡੈਂਟ ਰਜੀਵ ਕੁਮਾਰ ਅਰੋੜਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨੀਲਮ ਭਗਤ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਬਜੀਤ ਸਿੰਘ, ਜ਼ਿਲ੍ਹਾ ਹੈਲਥ ਅਫ਼ਸਰ ਡਾ. ਮਨਜੀਤ ਸਿੰਘ ਰਟੌਲ, ਸਹਾਇਕ ਸਿਵਲ ਸਰਜਨ ਡਾ. ਨਰੇਸ਼ ਕੁਮਾਰ, ਜ਼ਿਲ੍ਹਾ ਐੱਮ.ਈ.ਆਈ.ਓ ਅਮਰਦੀਪ ਸਿੰਘ, ਨੋਡਲ ਅਫ਼ਸਰ ਡਾ. ਵਨੀਤ ਕੌਰ, ਡਾ. ਪੰਕਜ ਭੱਟੀ, ਡਾ. ਮਨਿੰਦਰ ਸਿੰਘ ਸਮੇਤ ਸਮੂਹ ਸਟਾਫ ਅਤੇ ਹੋਰ ਮੁਹਤਬਰ ਹਾਜ਼ਰ ਸਨ।






