ਸ੍ਰੀ ਮੁਕਤਸਰ ਸਾਹਿਬ, 11 ਅਗਸਤ ()- ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੀਐਮਓ ਦੇ ਦਫ਼ਤਰ ਵਿਖੇ ਲਟਕ ਰਹੇ ਮੈਡੀਕਲ ਬਿਲਾਂ ਨੂੰ ਲੈ ਕੇ ਸੀਐਮਓ ਖਿਲਾਫ਼ ਰੋਸ ਰੈਲੀ ਕੀਤੀ ਗਈ। ਇਸਤੋਂ ਪਹਿਲਾਂ ਮੀਟਿੰਗ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਅਗਵਾਈ ’ਚ ਸ੍ਰੀ ਮੁਕਤਸਰ ਸਾਹਿਬ ਵਿਖੇ ਪੈਨਸ਼ਨ ਦਫ਼ਤਰ ਵਿਖੇ ਮੀਟਿੰਗ ਹੋਈ ਜਿੱਥੇ ਸਭ ਤੋਂ ਪਹਿਲਾਂ ਵਿਛੜੇ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਸਕੱਤਰ ਵਿਜੈ ਸੋਈ ਨੇ ਏਜੰਡਿਆ ਦੀ ਜਾਣਕਾਰੀ ਸਾਂਝੀ ਕੀਤੀ। ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਦੱਸਿਆ ਕਿ ਪਹਿਲਾਂ ਤੋਂ ਤਹਿ ਕੀਤੀ ਮੀਟਿੰਗ ਤੇ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਜੋ ਕਿ ਪਾਵਰਕਾਮ ਦੇ ਸੇਵਾ ਮੁਕਤ ਕਰਮਚਾਰੀਆਂ ਦੇ ਮੈਡੀਕਲ ਬਿਲ ਸੀਐਮਓ ਦੇ ਦਫ਼ਤਰ ਵਿਖੇ ਬਹੁਤ ਚਿਰਾਂ ਤੋਂ ਲਟਕਦੇ ਪਏ ਹਨ ਦੇ ਰੋਸ ’ਚ ਰੈਲੀ ਕੀਤੀ ਗਈ। ਉਨ੍ਹਾਂ ਕਿਹਾ ਕਿ ਦੇ ਸਰਕਲ ਕਮੇਟੀ ਵੱਲੋਂ ਸੀਐਮਓ ਸਾਹਿਬ ਦੇ ਦਫਤਰ ਨੂੰ ਤਿੰਨ ਚਾਰ ਪੱਤਰ ਲਿਖੇ ਗਏ ਹਨ ਅਤੇ ਸਰਕਲ ਕਮੇਟੀ ਵੱਲੋਂ ਸੀਐਮਓ ਨੂੰ ਮਿਲਕੇ ਵੀ ਮੈਡੀਕਲ ਬਿਲਾਂ ਬਾਰੇ ਜਾਣੂ ਕਰਵਾਇਆ ਗਿਆ ਸੀ ਅਤੇ ਮੈਡੀਕਲ ਦੀਆਂ ਲਿਸਟਾਂ ਵੀ ਦਿੱਤੀਆਂ ਗਈਆਂ ਸਨ ਪਰੰਤੂ ਅਫਸੋਸ ਦੀ ਗੱਲ ਹੈ ਕਿ ਮੈਡੀਕਲ ਦਫ਼ਤਰ ਵੱਲੋਂ ਮੈਡੀਕਲ ਬਿੱਲਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਹੈ ਜਿਸ ਕਰਕੇ ਪਾਵਰਕਾਮ ਦੇ ਪੈਨਸ਼ਨਰਾਂ ’ਚ ਭਾਰੀ ਨਰਾਜਗੀ ਅਤੇ ਗੁੱਸਾ ਹੈ ਜਿਸ ਕਰਕੇ ਸਰਕਲ ਦੇ ਫੈਸਲੇ ਅਨੁਸਾਰ ਅੱਜ ਸੀਐਮਓ ਸਾਹਿਬ ਦੇ ਖਿਲਾਫ ਰੈਲੀ ਕੀਤੀ ਗਈ ਅਤੇ 21 ਅਗਸਤ 2025 ਦੀ ਧਰਨੇ ਦੀ ਤਿਆਰੀ ਕੀਤੀ ਗਈ। ਸ਼ਿਵਦੀਪ ਸਿੰਘ ਬਰਾੜ, ਮੇਜਰ ਸਿੰਘ, ਭਜਨ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਬਜ਼ੁਰਗ ਪੈਨਸ਼ਨਰਾਂ ਦੇ ਮੈਡੀਕਲ ਬਿੱਲ ਬਹੁਤ ਦੇਰੀ ਨਾਲ ਪਾਸ ਕੀਤੇ ਜਾਂਦੇ ਹਨ ਅਤੇ ਬਹੁਤ ਸਾਰੀ ਕਟੌਤੀ ਕੀਤੀ ਜਾਂਦੀ ਹੈ ਇਸ ਕਰਕੇ 21 ਅਗਸਤ 2025 ਨੂੰ ਸੀਐਮਓ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਵਿਖੇ ਇੱਕ ਵਿਸ਼ਾਲ ਇਕੱਠ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਸ ਧਰਨੇ ਦੀ ਜਾਣਕਾਰੀ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਮਾਨਯੋਗ ਡਾਇਰੈਕਟਰ ਸਿਹਤ ਵਿਭਾਗ ਨੂੰ ਦਿੱਤੀ ਗਈ ਹੈ। ਧਰਨੇ ਦੌਰਾਨ ਕਿਸੇ ਪ੍ਰਕਾਰ ਵੀ ਮਾਹੌਲ ਖਰਾਬ ਹੋਣ ਦੀ ਜਿੰਮੇਵਾਰੀ ਸੀਐਮਓ ਦਫਤਰ ਦੀ ਹੋਵੇਗੀ। ਇਸਤੋਂ ਇਲਾਵਾ ਵਧੀਕ ਨਿਗਰਾਨ ਇੰਜੀਨੀਅਰ ਪਾਵਰ ਕਾਮ ਮੰਡਲ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਮੰਗਾਂ ’ਤੇ ਵੀ ਚਰਚਾ ਕੀਤੀ ਗਈ ਅਤੇ ਮੰਗਾਂ ਬਾਰੇ ਮੀਟਿੰਗ ’ਚ ਜਾਣਕਾਰੀ ਸਾਂਝੀ ਕੀਤੀ ਗਈ। ਮੰਡਲ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਹੈ ਜਿਸ ਕਰਕੇ 12 ਅਗਸਤ 2025 ਨੂੰ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਪੱਧਰ ’ਤੇ ਮਲੋਟ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪੁਤਲੇ ਸਾੜੇ ਜਾਣਗੇ ਜਿਸ ’ਚ ਪਾਵਰਕਾਮ ਦੇ ਪੈਨਸ਼ਨਰ ਸ਼ਮੂਲੀਅਤ ਕਰਨਗੇ। ਇਸਤੋਂ ਇਲਾਵਾ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਪਾਵਰਕਾਮ ਦੇ ਪੈਨਸ਼ਨਰਜ਼ ਬੋਰਡ ਮੈਨੇਜਮੈਂਟ ਦੇ ਖਿਲਾਫ ਸਤੰਬਰ ਮਹੀਨੇ ’ਚ ਸਰਕਲ ਪੱਧਰੇ ਧਰਨੇ ਲਾਏ ਜਾਣਗੇ ਅਤੇ ਅਕਤੂਬਰ ’ਚ ਹੈਡ ਆਫਿਸ ਪਟਿਆਲਾ ਵਿਖੇ ਲਾ-ਮਸਾਲ ਇਕੱਠ ਕਰਕੇ ਪੰਜਾਬ ਪੱਧਰਾ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਜਸਵਿੰਦਰ ਸਿੰਘ ਸਰਕਲ ਆਗੂ, ਰਾਮ ਸਰਨ, ਓਮ ਪ੍ਰਕਾਸ਼ ਮੰਡਲ ਆਗੂਆਂ ਨੇ ਸੰਬੋਧਨ ਕੀਤਾ। ਅਖੀਰ ’ਚ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।






