ਫਗਵਾੜਾ 13 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਪੰਜਾਬ ਕਾਂਗਰਸ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਤੁਲਸੀ ਰਾਮ ਖੋਸਲਾ ਨੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁੁਲ ਗਾਂਧੀ ਤੋਂ ਮੰਗ ਕੀਤੀ ਹੈ ਕਿ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਕਾਂਟੋ ਕਲੇਸ਼ ਨੂੰ ਸਖਤੀ ਨਾਲ ਖਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਪਾਰਟੀ ਦੇ ਹਿਤ ਕਦੇ ਵੀ ਨਿਜੀ ਹਿਤਾਂ ਤੋਂ ਉੱਪਰ ਨਹੀਂ ਹੋ ਸਕਦੇ, ਇਸ ਲਈ ਹਾਈਕਮਾਂਡ ਨੂੰ ਅਪੀਲ ਹੈ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਜਾਵੇ। ਜੋ ਅਨਸਰ ਹਾਈਕਮਾਂਡ ਦੇ ਆਦੇਸ਼ ਨਹੀਂ ਮੰਨਦੇ ਉਹਨਾਂ ਨੂੰ ਸਮਾਂ ਰਹਿੰਦੇ ਬਾਹਰ ਦਾ ਰਸਤਾ ਦਿਖਾਇਆ ਜਾਵੇ ਕਿਉਂਕਿ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਇਸੇ ਤਰ੍ਹਾਂ ਦੀ ਸਥਿਤੀ ਦਾ ਫਾਇਦਾ ਆਮ ਆਦਮੀ ਪਾਰਟੀ ਨੇ ਚੁੱਕਿਆ ਸੀ। ਜਿਸਦਾ ਖਾਮਿਆਜਾ ਅੱਜ ਤੱਕ ਸੂਬੇ ਦੇ ਲੋਕ ਭੁਗਤ ਰਹੇ ਹਨ। ਤੁਲਸੀ ਰਾਮ ਖੋਸਲਾ ਨੇ ਕੇਂਦਰੀ ਲੀਡਰਸ਼ਿਪ ਵਲੋਂ ਥਾਪੇ ਗਏ ਪੰਜਾਬ ਇੰਚਾਰਜਾਂ ‘ਤੇ ਵੀ ਵਰ੍ਹਦਿਆਂ ਕਿਹਾ ਕਿ ਜੇਕਰ ਉਹਨਾਂ ਨੇ ਸਮਾਂ ਰਹਿੰਦੇ ਪਾਰਟੀ ਦੇ ਅੰਦਰੂਨੀ ਹਾਲਾਤ ਬਾਰੇ ਰਾਸ਼ਟਰੀ ਪ੍ਰਧਾਨ ਖੜਗੇ ਅਤੇ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ ਹੁੰਦਾ ਤਾਂ ਅੱਜ ਇਹ ਸਥਿਤੀ ਪੈਦਾ ਹੀ ਨਹੀਂ ਹੋਣੀ ਸੀ। ਉਹਨਾਂ ਕਿਹਾ ਕਿ ਖੁਦ ਮੁਖਤਾਰ ਚੌਧਰੀਆਂ ਦੀ ਵਜ੍ਹਾ ਨਾਲ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਦਾ ਮਨੋਬਲ ਕਮਜੋਰ ਹੋ ਰਿਹਾ ਹੈ। ਸੂਬੇ ਦੇ ਕਰੀਬ 20% ਵੋਟਰ ਜੋ ਕਿਸੇ ਵੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਜਾਂ ਸੱਤਾ ਤੋਂ ਲਾਂਬੇ ਕਰਨ ਦੀ ਤਾਕਤ ਰੱਖਦੇ ਹਨ, ਉਹ ਇਸ ਸਮੇਂ ਕਾਂਗਰਸ ਪਾਰਟੀ ਦੇ ਅੰਦਰੂਨੀ ਕਲੇਸ਼ ਤੋਂ ਨਿਰਾਸ਼ ਹੋ ਰਹੇ ਹਨ। ਕਿਉਂਕਿ ਉਹਨਾਂ ਨੇ ਮਨ ਬਣਾਇਆ ਹੋਇਆ ਹੈ ਕਿ ‘ਆਪ’ ਪਾਰਟੀ ਨੂੰ ਇਸ ਵਾਰ ਸੱਤਾ ਤੋਂ ਲਾਂਬੇ ਕਰਕੇ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣਾ ਹੈ, ਪਰ ਜੇਕਰ ਸੀਨੀਅਰ ਪਾਰਟੀ ਆਗੂਆਂ ਦੀ ਗੁਟਬੰਦੀ ਨੂੰ ਸਮਾਂ ਰਹਿੰਦੇ ਖਤਮ ਨਾ ਕੀਤਾ ਗਿਆ ਤਾਂ ਪਾਰਟੀ ਨੂੰ ਇਸ ਦਾ ਭਾਰੀ ਖਾਮਿਆਜਾ ਭੁਗਤਣਾ ਪਵੇਗਾ। ਵਿਰੋਧੀ ਧਿਰਾਂ ਕਾਂਗਰਸ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਗੀਆਂ ਅਤੇ ਵੋਟਰਾਂ ਵਿੱਚ ਵੀ ਗਲਤ ਸੰਦੇਸ਼ ਜਾਵੇਗਾ।
ਤਸਵੀਰ – ਤੁਲਸੀ ਰਾਮ ਖੋਸਲਾ।






