ਸ੍ਰੀ ਮੁਕਤਸਰ ਸਾਹਿਬ, 04 ਅਗਸਤ ()- ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਸਾਲ 2016 ਤੋਂ 2021 ਤੱਕ ਕੀਤੇ ਗਏ ਮਨਰੇਗਾ ਕੰਮਾਂ ਵਿੱਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਜੇਕਰ ਇਕੱਲੇ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਗੱਲ ਕਰੀਏ ਤਾਂ ਅੰਕੜਿਆਂ ਤੇ ਵਿਭਾਗੀ ਜਾਣਕਾਰੀ ਮੁਤਾਬਿਕ ਸਾਲ 2021-22 ਦੌਰਾਨ ਮਨਰੇਗਾ ਦੇ ਕੰਮਾਂ ’ਚ ਲਗਭਗ 1.93 ਕਰੋੜ 42 ਹਜਾਰ ਰੁਪਏ ਦੀਆਂ ਧਾਂਦਲੀਆਂ ਹੋਣ ਦਾ ਪਰਦਾਫਾਸ਼ ਹੋਇਆ ਦੱਸਿਆ ਜਾ ਰਿਹਾ ਹੈ। ਇਸਦੀ ਵਿਭਾਗੀ ਜਾਂਚ ਮਾਨਸਾ ਜ਼ਿਲ੍ਹੇ ਦੇ ਏਡੀਸੀ ਤੋਂ ਕਰਵਾਈ ਗਈ। ਇਸ ਤੋਂ ਇਸ ਮਾਮਲੇ ਵਿੱਚ ਸੰਯੁਕਤ ਵਿਕਾਸ ਕਮਿਸ਼ਨਰ ਅਤੇ ਕਮਿਸ਼ਨਰ ਮਨਰੇਗਾ ਪੰਜਾਬ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸੇਨਾ ਅਗਰਵਾਲ ਨੇ ਮੁਕਤਸਰ ਅਤੇ ਗਿੱਦੜਬਾਹਾ ਦੇ ਤਤਕਾਲੀ ਬੀਡੀਪੀਓ ਅਤੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਲਈ ਡਿਪਟੀ ਕਮਿਸਨਰ ਮੁਕਤਸਰ ਅਭਿਜੀਤ ਕਪਲਿਸ਼ ਨੂੰ ਪੱਤਰ ਲਿਖਿਆ ਹੈ। ਹੁਣ ਦੇਖਣਾ ਹੋਵੇਗਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਉਕਤ ਮਾਮਲੇ ’ਚ ਕਿਸ ਤਰ੍ਹਾਂ ਦੀ ਕਾਰਵਾਈ ਅਮਲ ’ਚ ਲਿਆਉਣਗੇ।
ਪੂਰੇ ਜ਼ਿਲ੍ਹੇ ਅੰਦਰ ਚੱਲ ਰਹੇ ਮਨਰੇਗਾ ਕੰਮਾਂ ਲਈ ਜਾਰੀ ਹੋਏ ਪੈਸਿਆਂ ਦੀ ਹੋਵੇ ਜਾਂਚ
ਇਥੇ ਜ਼ਿਲ੍ਹੇ ਦੇ ਲੋਕਾਂ ਨੇ ਸਬੰਧਿਤ ਅਧਿਕਾਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਹੈ ਕਿ ਸਾਲ 2026 ਤੋਂ 2021 ਤੱਕ ਕੀਤੀ ਗਈ ਜਾਂਚ ਦੌਰਾਨ ਜੇਕਰ ਐਨੇ ਵੱਡੇ ਪੱਧਰ ’ਤੇ ਹਲਕਾ ਗਿੱਦੜਬਾਹਾ ’ਚ ਘੁਟਾਲਾ ਹੋ ਸਕਦਾ ਹੈ ਤਾਂ ਫਿਰ ਪੂਰੇ ਜ਼ਿਲ੍ਹਾ ਅੰਦਰ 2016 ਤੋਂ 2024-25 ਤੱਕ ਕੀਤੇ ਗਏ ਮਨਰੇਗਾ ਕੰਮਾਂ ਤੇ ਵੱਖ ਵੱਖ ਪਿੰਡਾਂ ਨੂੰ ਜਾਰੀ ਹੋਏ ਪੈਸਿਆਂ, ਮਨਰੇਗਾ ਮਜ਼ਦੂਰਾਂ ਦੇ ਅਸਲ ਖਾਤਿਆਂ, ਹਾਜ਼ਰੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਵੱਡੇ ਮਗਰਮੱਛ ਸਰਕਾਰ ਦੇ ਜਾਲ ਵਿੱਚ ਫਸ ਸਕਦੇ ਹਨ, ਜਿਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲ ਕੇ ਸਰਕਾਰੀ ਖਜਾਨੇ ਨੂੰ ਢਾਹ ਲਗਾਈ ਹੋ ਸਕਦੀ ਹੈ।





