ਕਪੂਰਥਲਾ, 28 ਅਗਸਤ (ਕੌੜਾ)- ਨਾਨਕ ਹੱਟ ਦੀ ਨਵੀਂ ਬਰਾਂਚ ਸਿੱਧਵਾਂ ਦੋਨਾ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈ ਕੇ ਕੀਤੀ ਗਈ। ਲੋਕਾਂ ਨੂੰ ਗੁਣਵੱਤਾ ਤੇ ਸ਼ੁੱਧਤਾ ਦਾ ਸਮਾਨ ਦੇਣ ਦੇ ਸੱਚੇ-ਸੁੱਚੇ ਉਦੇਸ਼ ਨੂੰ ਲੈ ਕੇ ਏਕ ਓਕਾਂਰ ਸਮਾਜ ਭਲਾਈ ਸੰਸਥਾ ਵੱਲੋਂ ਚਾਲਈ ਜਾ ਰਹੀ ਨਾਨਕ ਹੱਟ ਦੀ ਇਹ ਪੰਜਵੀ ਬਰਾਂਚ ਹੈ। ਜਿਸਦਾ ਉਦਘਾਟਨ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੀਤਾ ਗਿਆ।
ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਲੋਕਾਂ ਦਾ ਨਾਨਕ ਹੱਟ ਪ੍ਰਤੀ ਵਿਸ਼ਾਵਾਸ਼ ਹੈ ਕਿ ਅੱਜ ਨਾਨਕ ਹੱਟ ਦੀ ਪੰਜਵੀ ਬ੍ਰਾਂਚ ਦਾ ਉਦਘਾਟਨ ਕੀਤਾ ਗਿਆ। ਉਹਨਾਂ ਦੱਸਿਆ ਕਿ ਨਾਨਕ ਹੱਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਸਸਤੀਆਂ ਤੇ ਮਿਆਰੀਆਂ ਵਸਤਾਂ ਦਿੱਤੀਆਂ ਜਾ ਰਹੀਆਂ ਹਨ। ਜਿੱਥੇ ਹਰ ਸਮਾਨ ਦਾ ਪੰਜਾਬੀ ਵਿੱਚ ਬਿੱਲ ਦਿੱਤਾ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਇਹ ਵੀ ਦੱਸਿਆ ਕਿ ਇਸ ਸੰਸਥਾ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਸਮਾਗਮ ਵਿੱਚ ਪਹੁੰਚੇ ਉਚੇਚੇ ਤੌਰ ਤੇ ਆਏ ਨੇੜਲੇ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਨਾਨਕ ਹੱਟ ਦਾ ਪੇਂਡੂ ਇਲਾਕੇ ਵਿੱਚ ਖੁਲ੍ਹਣਾ ਇਲਾਕੇ ਲਈ ਬਹੁਤ ਵੱਡੀ ਗੱਲ ਹੈ।ਪਿੰਡ ਸਿਆਲ, ਸਿੱਧਵਾਂ ਦੋਨਾ, ਸੁਖਾਣੀ ਦੇ ਸਰਪੰਚਾਂ ਨੇ ਦੱਸਿਆ ਕਿ ਪਹਿਲਾਂ ਇਲਾਕੇ ਦੇ ਲੋਕਾਂ ਨੂੰ ਸਮਾਨ ਲੈਣ ਲਈ ਕਈ ਕਿਲੋਮੀਟਰ ਦਾ ਸਫਰ ਤੈਅ ਕਰਕੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਤੇ ਮਹਿੰਗੇ ਭਾਅ ਵਿੱਚ ਸਮਾਨ ਖ੍ਰੀਦਣਾ ਪੈਂਦਾ ਸੀ। ਪਰ ਨਾਨਕ ਹੱਟ ਦੇ ਖੁੱਲਣ ਨਾਲ ਜਿੱਥੇ ਲੋਕਾਂ ਦੀ ਖੱਜਲ ਖੁਆਰੀ ਘਟੇਗੀ ਉੱਥੇ ਹੀ ਉਹਨਾਂ ਦਾ ਕਈ ਪੈਂਡਿਆ ਦਾ ਸਫਰ ਵੀ ਘਟੇਗਾ।ਇਸ ਮੌਕੇ ਜਾਣਕਾਰੀ ਦਿੰਦਿਆ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ ਨਾਨਕ ਹੱਟ ਵਿੱਚ ਇਲਾਕਾ ਨਿਵਾਸੀਆਂ ਨੂੰ ਰੋਜ ਮਰਾ ਦੀਆਂ ਵਸਤਾਂ ਗੁਣਵੱਤਾ ਅਤੇ ਸ਼ੁੱਧਤਾ ਨਾਲ ਭਰਪੂਰ, ਘੱਟ ਰੇਟ ਤੇ ਉਪਲੱਬਧ ਹੁੰਦੀਆਂ ਹਨ ਅਤੇ ਹਰ ਚੀਜ਼ ਐਮ.ਆਰ.ਪੀ. ਤੋਂ ਘੱਟ ਰੇਟਾਂ ਵਿੱਚ ਦਿੱਤੀ ਜਾਂਦੀ ਹੈ। ਜੋਗਾ ਸਿੰਘ ਨੇ ਦੱਸਿਆ ਕਿ ਨਾਨਕ ਹੱਟ ਪਿਛਲ਼ੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ ਤੇ ਅਨੇਕਾਂ ਬੱਚਿਆਂ ਨੂੰ ਗੋਦ ਲੈ ਕੇ ਉਹਨਾਂ ਦੀ ਸਿੱਖਿਆ ਦਾ ਖਰਚਾ ਚੁੱਕ ਰਿਹਾ ਹੈ।
ਸੰਸਥਾ ਦੇ ਸੈਕਟਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਾਨਕ ਹੱਟ ਦੀ ਪੰਜਵੀਂ ਬਰਾਂਚ ਸਿੱਧਵਾਂ ਦੋਨਾ ਵਿੱਚ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦਿਆ ਖੋਹਲੀ ਗਈ ਹੈ। ਇਸਤੋਂ ਪਹਿਲਾਂ ਪਿੰਡ ਸੀਚੇਵਾਲ, ਸੁਲਤਾਨਪੁਰ ਲੋਧੀ, ਜਲੰਧਰ ਅਤੇ ਗਿੱਦੜਪਿੰਡੀ ਵਿੱਚ ਨਾਨਕ ਹੱਟ ਦੀਆਂ ਬ੍ਰਾਂਚਾਂ ਸਫਲਤਾਪੂਰਵਕ ਚੱਲ ਰਹੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਇੱਥੇ ਗਾਹਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਉਹਨਾਂ ਦੁਆਰਾ ਦਿੱਤੇ ਗਏ ਸੁਝਾਆਂ ਤੇ ਅਮਲ ਕੀਤਾ ਜਾਂਦਾ ਹੈ ਤੇ ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾਂਦਾ ਹੈ। ਜੋ ਆਮ ਦੁਕਾਨਾਂ ਵਿੱਚ ਨਹੀ ਹੁੰਦਾ।ਅੰਤ ਵਿੱਚ ਨਾਨਕ ਹੱਟ ਦੇ ਮੈਨੇਜਰ ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਨਾਨਕ ਹੱਟ ਨੋ ਪ੍ਰੋਫਿਟ ਤੇ ਨੋ ਲੋਸ ਦੇ ਉਦੇਸ਼ ਤੇ ਪਹਿਰਾ ਦੇ ਰਹੀ ਹੈ। ਜਿਸਦੀ ਸ਼ੁਰੂਆਤ ਸਾਲ 2010 ਵਿੱਚ ਪਿੰਡ ਸੀਚੇਵਾਲ ਤੋਂ ਕੀਤੀ ਗਈ ਸੀ। ਜਦੋਂ ਵੇਂਈ ਦੀ ਕਾਰਸੇਵਾ ਦੌਰਾਨ ਦੇਸੀ ਘਿਉ ਦੇ ਨਾਂਅ ਤੇ ਡਾਲਡਾ ਦਿੱਤਾ ਜਾ ਰਿਹਾ ਸੀ। ਸ਼੍ਰੀ ਅਰੁਣ ਨੇ ਦੱਸਿਆ ਕਿ ਨਾਨਕ ਹੱਟ ਵੱਲੋਂ ਹਰ ਚੀਜ਼ ਨੂੰ ਬਿੱਲ ਤੇ ਲਿਆ ਜਾਂਦਾ ਹੈ ਤੇ ਹਰ ਸਮਾਨ ਦਾ ਗਾਹਕ ਨੂੰ ਬਿੱਲ ਦਿੱਤਾ ਜਾਂਦਾ ਹੈ।
ਇਸ ਸਮਾਗਮ ਵਿੱਚ ਕਪੂਰਥਲਾ ਤੋਂ ਹਲਕਾ ਇੰਚਾਰਜ਼ ਕਮਰਬੀਰ ਸਿੰਘ ਚੰਦੀ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਬੂਟਾ ਸਿੰਘ ਮੈਂਬਰ, ਪਰਮਜੀਤ ਸਿੰਘ ਬੱਲ ਮੈਂਬਰ, ਅਮਰੀਕ ਸਿੰਘ ਮੈਂਬਰ, ਸਤਨਾਮ ਸਿੰਘ, ਗੁਰਦੀਪ ਸਿੰਘ, ਸਿੱਧਵਾ ਦੋਨਾ ਤੋਂ ਸਰਪੰਚ ਸੁਖਵਿੰਦਰ ਸਿੰਘ ਨੇਕੀ, ਸੁਖਪਾਲ ਸਿੰਘ ਗੋਪੀ, ਲਵਪ੍ਰੀਤ ਸਿੰਘ, ਗੁਰਮੇਲ, ਵਿਜੈ ਕੁਮਾਰ, ਬਿੱਟੂ ਪੰਚ ਤੇ ਵੱਖ ਵੱਖ ਪਿੰਡਾਂ ਤੋਂ ਪੰਚ ਤੇ ਸਰਪੰਚ ਸਹਿਬਾਨ ਮੌਕੇ ਤੇ ਮੌਜੂਦ ਰਹੇ।






