ਭਗਤ ਨਾਮਦੇਵ ਯਾਤਰਾ ਵਿੱਚ ਆਈਆਂ ਸੈਂਕੜੇ ਮਰਾਠੀ ਸੰਗਤਾਂ ਨੇ ਇਤਿਹਾਸਕ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਮੱਥਾ ਟੇਕਿਆ

Spread the love

ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਉਂਡੇਸ਼ਨ ਵੱਲੋਂ ਯਾਤਰਾ ਦੇ ਪ੍ਰਬੰਧਕਾਂ ਨੂੰ ਕੀਤਾ ਗਿਆ ਸਨਮਾਨਿਤ

ਸ਼੍ਰੀ ਗੋਇੰਦਵਾਲ ਸਾਹਿਬ, 21 ਨਵੰਬਰ ( ਕਰਨੈਲ ਸਿੰਘ ਰਿੰਕੂ ) – ਭਗਤੀ ਲਹਿਰ ਦੇ ਮਾਣਕ ਮੋਤੀ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਨਰਸੀ ਨਾਮਦੇਵ (ਜ਼ਿਲ੍ਹਾ ਸਤਾਰਾ), ਮਹਾਰਾਸ਼ਟਰ ਤੋਂ ਸ਼ੁਰੂ ਹੋਕੇ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਹੁੰਦੀ ਹੋਈ ਭਗਤ ਨਾਮਦੇਵ ਯਾਤਰਾ ਵਿੱਚ ਆਈਆਂ ਸੈਂਕੜੇ ਮਰਾਠੀ ਸੰਗਤਾਂ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਦਿਆਂ ਮੱਥਾ ਟੇਕਿਆ। ਯਾਤਰਾ ਦੇ ਪ੍ਰਬੰਧਕ ਮਰਾਠੀ ਲੇਖਕ ਤੇ ਨਾਨਕ ਸਾਂਈ ਫਾਉਂਡੇਸ਼ਨ ਮਹਾਰਾਸ਼ਟਰ ਦੇ ਪ੍ਰਧਾਨ ਪੰਡਰੀਨਾਥ ਬੋਕਾਰੇ ਦੀ ਅਗਵਾਈ ਵਿੱਚ ਆਈਆਂ ਸੰਗਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੈਜ਼ਰ ਸਰਦਾਰ ਗੁਰਾ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਮੀਤ ਮਨੈਜ਼ਰ ਸਰਬਜੀਤ ਸਿੰਘ ਮੁੰਡਾ ਪਿੰਡ ਤੇ ਸਾਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਹੈਡ ਗ੍ਰੰਥੀ ਭਾਈ ਗੁਰਮੱਖ ਸਿੰਘ ਜੀ ਨੇ ਸੰਗਤਾਂ ਨੂੰ ਇਸ ਪਵਿੱਤਰ ਇਤਿਹਾਸਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਉਂਡੇਸ਼ਨ ਦੇ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਯਾਤਰਾ ਵਿੱਚ ਆਈਆਂ ਸੰਗਤਾਂ ਨੂੰ ਮਹਾਨ ਭਗਤ ਨਾਮਦੇਵ ਜੀ ਦੇ ਜੀਵਨ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਪਿੰਡ ਨਰਸੀ ਬਾਹਮਨੀ ਵਿੱਚ 1270 ਈਸਵੀ ਨੂੰ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਦਾਮਾਸ਼ੇਠ ਅਤੇ ਮਾਤਾ ਜੀ ਦਾ ਨਾਮ ਗੋਨਾਬਾਈ ਸੀ। ਆਪ ਜੀ ਦਾ ਪਰਿਵਾਰ ਭਗਵਾਨ ਵਿਠੱਲ ਦਾ ਭਗਤ ਸੀ। ਨਾਮਦੇਵ ਜੀ ਦਾ ਵਿਆਹ ਗੋਬਿੰਦਸੇਟੀ ਦੀ ਪੁੱਤਰੀ ਰਾਜਬਾਈ ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੇ ਚਾਰ ਪੁੱਤਰ ਅਤੇ ਇੱਕ ਪੁੱਤਰੀ ਦਾ ਜਨਮ ਹੋਇਆ, ਜਿਨ੍ਹਾਂ ‘ਚ ਪੁੱਤਰਾਂ ਦੇ ਨਾਮ ਨਾਰਾਇਣ, ਮਹਾਂਦੇਵ, ਗੋਬਿੰਦ ਅਤੇ ਵਿੱਠਲ ਅਤੇ ਪੁੱਤਰੀ ਦਾ ਨਾਮ ਲਿੰਬਾ ਬਾਈ ਸੀ। ਭਗਤ ਨਾਮਦੇਵ ਜੀ ਛੀਂਬਾ ਜਾਤੀ ਨਾਲ ਸੰਬੰਧ ਰੱਖਦੇ ਸਨ, ਜੋ ਉਸ ਸਮੇਂ ਦੀ ਵਰਣ ਵੰਡ ਅਨੁਸਾਰ ਨੀਵੀਂ ਜਾਤ ਵਜੋਂ ਗਿਣੀ ਜਾਂਦੀ ਸੀ। ਭਗਤ ਜੀ ਨੇ ਕੱਪੜੇ ਰੰਗਣ ਅਤੇ ਸਿਊਣ ਦਾ ਪਿਤਾ ਪੁਰਖੀ ਕੰਮ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ। ਭਗਤ ਨਾਮਦੇਵ ਜੀ ਛੋਟੀ ਉਮਰ ਤੋਂ ਹੀ ਭਗਤ ਵਿਰਤੀ ਵਾਲੇ ਸਨ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਪਰਿਵਾਰ ਨਰਸੀ ਬਾਹਮਣੀ ਤੋਂ ਪੰਡਰਪੁਰ ਚਲਾ ਗਿਆ ਤੇ ਇਥੇ ਭਗਤ ਜੀ ਨੇ ਲੰਬਾ ਸਮਾਂ ਬਤੀਤ ਕੀਤਾ ਤੇ ਗੁਰੂ ਵਿਸ਼ੇਬਾ ਖੇਚਰ ਤੋਂ ਦੀਖਿਆ ਪ੍ਰਾਪਤ ਕੀਤੀ। ਭਗਤ ਨਾਮਦੇਵ ਜੀ ਭਾਰਤ ਦੇ ਪ੍ਰਸਿੱਧ ਧਾਮਾਂ ਪ੍ਰਯਾਗਰਾਜ, ਕਾਸ਼ੀ, ਮਥੁਰਾ, ਅਯੁੱਧਿਆ, ਬ੍ਰਿਦਾਬਨ, ਜਗਨਨਾਥ, ਦੁਆਰਕਾਪੁਰੀ, ਗਯਾ ਅਤੇ ਹੋਰ ਕਈ ਤੀਰਥ ਅਸਥਾਨਾਂ ਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਜੀ ਦੀ ਬਾਣੀ ਦੇ 10 ਰਾਗਾਂ ਵਿੱਚ 61 ਸ਼ਬਦ ਦਰਜ ਹਨ। ਇਨ੍ਹਾਂ ਦੀ ਬਾਣੀ ਹੱਥੀਂ ਕੰਮ ਕਰਨਾ ਤੇ ਮਨ ਪ੍ਰਮਾਤਮਾ ਵੱਲ ਲਾਉਣ ਦੀ ਸਿੱਖਿਆ ਦੇਣ ਵਾਲੀ ਹੈ। ਮਾਨਤਾ ਹੈ ਕਿ ਭਗਤ ਨਾਮਦੇਵ ਜੀ ਨਾਲ ਸੰਤ-ਮਹਾਤਮਾ ਅੰਮ੍ਰਿਤ ਰਸ ਦੀ ਵਰਖਾ ਕਰਦੇ ਹੋਏ ਮਹਾਰਾਸ਼ਟਰ ਤੋਂ ਚੱਲੇ ਅਤੇ ਹੌਲੀ- ਹੋਲੀ ਸੰਤ ਨਾਮਦੇਵ ਦਾ ਯਸ਼ਗਾਨ ਸਾਰੇ ਭਾਰਤ ਵਿਚ ਫੈਲ ਗਿਆ। ਜਦੋਂ ਇਹ ਸੰਤ ਮੰਡਲੀ ਦਿੱਲੀ ਪਹੁੰਚੀ, ਜਿੱਥੇ ਮੁਗਲਾਂ ਦਾ ਰਾਜ ਸੀ, ਪਤਾ ਲੱਗਣ ਤੇ ਮੁਗਲ ਬਾਦਸ਼ਾਹ ਨੇ ਇਸ ਸੰਤ ਮੰਡਲੀ ਨੂੰ ਬੁਲਾਇਆ ਤੇ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਮੁਸਲਮਾਨ ਬਣਾਉਣ ਦੀ ਗੱਲ ਸੋਚ ਕੇ ਕਠਿਨ ਪ੍ਰੀਖਿਆ ਲਈ ਅਤੇ ਸੋਚਿਆ ਕਿ ਹਿੰਦੂ ਗਊ ਦੀ ਬਲੀ ਤੋਂ ਝੁਕਦੇ ਹਨ ਇਸ ਲਈ ਇਕ ਗਊ ਮੰਗਾਂ ਕੇ ਕਸਾਈ ਤੋਂ ਉਸ ਦਾ ਸਿਰ ਕਟਵਾ ਦਿੱਤਾ ਤੇ ਨਾਮਦੇਵ ਨੂੰ ਕਿਹਾ ਕਿ ਜੇ ਤੂੰ ਸੱਚਾ ਫਕੀਰ ਏਂ ਤਾਂ ਇਸ ਗਊ ਨੂੰ ਜੀਵਤ ਕਰ ਤਾਂ ਹੀ ਹਿੰਦੂਤਵ ਪ੍ਰਤੀ ਤੇਰਾ ਪ੍ਰੇਮ ਮੰਨਿਆ ਜਾਵੇਗਾ। ਨਾਮਦੇਵ ਨੇ ਕਿਹਾ ਕਿ ਉਹੀ ਹੁੰਦਾ ਹੈ, ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ। ਬਾਦਸ਼ਾਹ ਨੇ ਕਿਹਾ ਕਿ ਫੇਰ ਤੂੰ ਇਸਲਾਮ ਕਬੂਲ ਕਰ ਲੈ ਤਾਂ ਤੈਨੂੰ ਛੱਡ ਦਿੱਤਾ ਜਾਵੇਗਾ, ਪਰ ਨਾਮਦੇਵ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ, ਇਹ ਸੁਣ ਕੇ ਬਾਦਸ਼ਾਹ ਗੁੱਸੇ ਵਿਚ ਆ ਗਿਆ ਤੇ ਭਗਤ ਨਾਮਦੇਵ ਜੀ ਨੂੰ ਹਾਥੀ ਹੇਠਾਂ ਕੁਚਲ ਦੇਣ ਦਾ ਹੁਕਮ ਦਿੱਤਾ, ਮਸਤ ਹਾਥੀ ਨੇ ਨਾਮਦੇਵ ਜੀ ਤੇ ਕਈ ਵਾਰ ਕੀਤੇ ਪਰ ਉਹ ‘ਬਿੱਠਲ ਭਗਵਾਨ’ ਦੀ ਕਿਰਪਾ ਨਾਲ ਠੀਕ ਰਹੇ ਤੇ ਉਨ੍ਹਾਂ ਬੜੀ ਭਾਵਨਾ ਨਾਲ ਭਗਵਾਨ ਨੂੰ ਪੁਕਾਰਿਆ
ਗੋਇੰਦਵਾਲ ਸਾਹਿਬ ਵਿਖੇ ਮੱਥਾ ਟੇਕਦੀਆ ਮਰਾਠੀ ਸੰਗਤਾਂ
ਤੇ ਬੇਨਤੀ ਕੀਤੀ ਕਿ ਗਊ ਨੂੰ ਜੀਵਨ ਦਾਨ ਦੇ ਕੇ ਧਰਮ ਦੀ ਰੱਖਿਆ ਕਰੋ, ਇਹ ਕਹਿੰਦੇ ਹੋਏ ਭਗਤ ਨਾਮਦੇਵ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਨਿਸ਼ਚਿਤ ਸਮਾਂ ਬੀਤਣ ਤੋਂ ਪਹਿਲਾਂ ਭਗਤਾਂ ਦੇ ਪਿਆਰੇ ਭਗਵਾਨ ਬਿੱਠਲ ਬੈਕੁੰਠ ਤੋਂ ਗਰੁੜ ‘ਤੇ ਬੈਠ ਕੇ ਉਥੇ ਆਏ ਤੇ ਮਰੀ ਹੋਈ ਗਾਂ ਨੂੰ ਜਿੰਦਾ ਕੀਤਾ, ਵੱਛਾ ਗਊ ਦਾ ਦੁੱਧ ਪੀਣ ਲੱਗਾ, ਗਊ ਖੜ੍ਹੀ ਹੋਕੇ ਨਾਮਦੇਵ ਨੂੰ ਛੁੂਹਣ ਲੱਗੀ। ਭਗਵਾਨ ਬਿੱਠਲ ਨੇ ਮਧੁਰ ਬਾਣੀ ਵਿਚ ਕਿਹਾ, ਨਾਮਦੇਵ ਤੂੰ ਧੰਨ ਹੈ ਅਤੇ ਆਪਣਾ ਸਨੇਹ ਦਿੱਤਾ। ਇਹ ਦੇਖ ਕੇ ਬਾਦਸ਼ਾਹ ਸ਼ਰਮਸ਼ਾਰ ਹੋ ਗਿਆ ਤੇ ਨਾਮਦੇਵ ਜੀ ਅੱਗੇ ਝੁੱਕ ਗਿਆ ਤੇ ਖਿਮਾ ਮੰਗੀ। ਨਾਮਦੇਵ ਜੀ ਕਹਿੰਦੇ ਸਨ ਕਿ ਹਰੀ ਨਾਮ ਦੇ ਸੰਬੰਧ ਵਿਚ ਮੇਰੀ ਵਿਆਕੁਲਤਾ ਉਸੇ ਤਰ੍ਹਾਂ ਦੀ ਹੈ, ਜਿਵੇਂ ਗਾਂ ਦਾ ਵੱਛਾ ਗਾਂ ਤੋਂ ਵਿੱਛੜ ਕੇ ਵਿਆਕੁਲ ਹੁੰਦਾ ਹੈ ਅਤੇ ਮੱਛੀ ਪਾਣੀ ਤੋਂ ਬਾਹਰ ਤੜਪਦੀ ਹੈ। ਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਵੀ ਹਰ ਥਾਂ ‘ਤੇ ਆਪਣੀ ਭਗਤੀ ਤੇ ਸ਼ਰਧਾ ਭਾਵ ਦੀ ਛਾਪ ਛੱਡਦੇ ਹੋਏ ਹਰ ਥਾਂ ਤੇ ਸ਼ਰਧਾਲੂਆਂ, ਪਿਆਰਿਆਂ ਵਿੱਚ ਹਰਮਨ ਪਿਆਰੇ ਹੋ ਗਏ। 10ਵੀਂ ਭਗਤ ਨਾਮਦੇਵ ਜੀ ਯਾਤਰਾ ਦੇ ਮੁੱਖ ਪ੍ਰਬੰਧਕ ਮਰਾਠੀ ਲੇਖਕ ਤੇ ਨਾਨਕ ਸਾਂਈ ਫਾਉਂਡੇਸ਼ਨ ਮਹਾਰਾਸ਼ਟਰ ਦੇ ਪ੍ਰਧਾਨ ਸ੍ਰੀ ਪੰਡਰੀਨਾਥ ਬੋਕਾਰੇ ਨੇ ਦੱਸਿਆ ਕਿ ਸਾਡਾ ਵੱਡਾ ਉਦੇਸ਼ ਮਹਾਰਾਸ਼ਟਰ ਦੀਆਂ ਸੰਗਤਾਂ ਨੂੰ ਪੰਜਾਬ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਦੇ ਨਾਲ ਨਾਲ ਮਰਾਠੀ, ਪੰਜਾਬੀ ਭਾਈਚਾਰੇ ਨੂੰ ਮਜ਼ਬੂਤ ਬਨਾਉਣਾ ਹੈ। ਇਸ ਮੌਕੇ ਤੇ ਸ਼੍ਰੀਮਤੀ ਪ੍ਰਫ਼ੁੱਲਾ ਬੋਕਾਰੇ, ਰਾਕੇਸ਼ ਕੁਮਾਰ, ਦਰਸ਼ਨ ਸਿੰਘ ਗਰਚਾ, ਹਰਪ੍ਰੀਤ ਸਿੰਘ ਸੋਹਲ, ਸ਼੍ਰੀਜੇਸ਼ ਕੁਮਾਰ ਬੋਕਾਰੇ, ਪੰਡਿਤ ਵਿਸ਼ਵਾਮਿੱਤਰ, ਮਲਵਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਬੱਬੀ, ਹਰਚਰਨ ਸਿੰਘ ਵਾਲੀਆ, ਜਸਵੰਤ ਸਿੰਘ ਜੱਗੀ, ਲਵਦੀਪ ਸਿੰਘ, ਪਰਵਿੰਦਰ ਸਿੰਘ ਸਰਾਂ, ਸ੍ਰੀਮਤੀ ਵਨੀਤਾ, ਅਮਰਜੀਤ ਕੌਰ ਗਰੇਵਾਲ, ਰਵਚਰਨ ਸਿੰਘ, ਪਰਮਿੰਦਰ ਸਿੰਘ ਗਿੱਲ, ਤਰੁਨ ਕੁਮਾਰ ਵਰਮਾ, ਕੇਵਲ ਬਾਂਸਲ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।
More News

Youtube

Facebook

Whatsapp

Home

 

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *