ਮਾਛੀਵਾੜਾ ਸਾਹਿਬ, 3 ਅਕਤੂਬਰ (ਸੁੱਚਾ ਬੰਗੜ) ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ‘ਚ ਸਿਰਫ 25 ਰੁਪਏ ਪ੍ਰਤੀ ਕੁਇੰਟਲ ਦਾ ਮਾਮੂਲੀ ਵਾਧਾ ਕਰਨ ਨੂੰ ਕੁੱਲ ਹਿੰਦ ਕਿਸਾਨ ਸਭਾ ਨੇ ਅੰਨਦਾਤੇ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂਆਂ ਨਿੱਕਾ ਸਿੰਘ ਖੇੜਾ, ਕਾਮਰੇਡ ਪ੍ਰਕਾਸ਼ ਸਿੰਘ ਉਧੋਵਾਲ ਅਤੇ ਹਰਦੇਵ ਸਿੰਘ ਬਾਗ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਿਸਾਨ ਵਿਰੋਧੀ ਰਵੱਈਆ ਕਿਸਾਨਾਂ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਜੇ ਵੀ ਦਿੱਲੀ ਕਿਸਾਨ ਅੰਦੋਲਨ ‘ਚ ਹੋਈ ਆਪਣੀ ਹਾਰ ਦੀ ਨਮੋਸ਼ੀ ਵਿੱਚ ਹੈ ਅਤੇ ਦੂਜੇ ਪਾਸੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਲਈ ਕਿਸਾਨਾਂ ਨੂੰ ਕੁਰਬਾਨ ਕਰਨ ‘ਤੇ ਤੁਲੀ ਹੋਈ ਹੈ, ਜਿਸ ਦੀ ਤਾਜ਼ਾ ਮਿਸਾਲ ਕਣਕ ਦੇ ਭਾਅ ਵਿੱਚ ਕੀਤਾ ਗਿਆ ਇਹ ਨਿਗੂਣਾ ਵਾਧਾ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਝੋਨੇ ਦੀ ਪਰਾਲੀ ਸਾੜਨ ਨੂੰ ਲੈ ਕੇ ਨਾਦਰਸ਼ਾਹੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਕਣਕ ਦਾ ਭਾਅ ਵਧਾਉਣ ਵਿੱਚ ਕੰਜੂਸੀ ਕੀਤੀ ਜਾ ਰਹੀ ਹੈ। ਪਿਛਲੇ ਇੱਕ ਸਾਲ ਵਿੱਚ ਖਾਦਾਂ, ਦਵਾਈਆਂ, ਸਪਰੇਅ, ਡੀਜ਼ਲ ਅਤੇ ਲੇਬਰ ਦੇ ਰੇਟਾਂ ਵਿੱਚ ਜੋ ਵਾਧਾ ਹੋਇਆ ਹੈ, ਉਹ ਸਰਕਾਰ ਵੱਲੋਂ ਐਲਾਨੀ ਐਮ.ਐਸ.ਪੀ. ਤੋਂ ਕਈ ਗੁਣਾ ਜ਼ਿਆਦਾ ਹੈ। ਇਸ ਹਿਸਾਬ ਨਾਲ ਕਿਸਾਨ ਨੂੰ ਇਸ ਵਾਰ ਕਣਕ ਦੀ ਫਸਲ ਪੈਦਾ ਕਰਨ ਲਈ ਹਜ਼ਾਰਾਂ ਰੁਪਏ ਆਪਣੇ ਪੱਲਿਓਂ ਲਾਉਣੇ ਪੈਣਗੇ।ਇਸ ਲਈ 25 ਰੁਪਏ ਦਾ ਵਾਧਾ ਦੇਸ਼ ਦੇ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ।ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰ ਵੱਲੋਂ ਐਲਾਨੀ ਇਸ ਐਮ.ਐਸ.ਪੀ. ਨੂੰ ਮੁੱਢੋਂ ਰੱਦ ਕਰਦਿਆਂ ਮੰਗ ਕੀਤੀ ਹੈ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਦੇਖਦਿਆਂ ਕਣਕ ਦੇ ਭਾਅ ਵਿੱਚ ਘੱਟੋ-ਘੱਟ 1000 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਜਾਵੇ ਅਤੇ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਾਰੀਆਂ ਫਸਲਾਂ ਦੀ ਐਮ.ਐਸ.ਪੀ. ਦਾ ਐਲਾਨ ਕੀਤਾ ਜਾਵੇ। ਇਸ ਮੌਕੇ ਚਤਰ ਸਿੰਘ ਲੁਬਾਣਗੜ੍ਹ, ਬਾਬੂ ਸਿੰਘ ਝੜੌਦੀ, ਅਸ਼ੋਕ ਖੇੜਾ, ਬਲਜੀਤ ਸਿੰਘ ਜ਼ੁਲਫਗੜ੍ਹ, ਬਲਕਾਰ ਸਿੰਘ ਅਤੇ ਲਾਲੀ ਬੂਲੇਵਾਲ ਆਦਿ ਹਾਜ਼ਰ ਸਨ।






