ਮਾਛੀਵਾੜਾ ਸਾਹਿਬ, 1 ਅਗਸਤ (ਸੁੱਚਾ ਬੰਗੜ) – ਵੱਧ ਰਹੇ ਪ੍ਰਦੂਸ਼ਣ ਅਤੇ ਵਾਤਾਵਰਨ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ। ਇਸੇ ਸੋਚ ਨਾਲ ਪ੍ਰੇਰਿਤ ਹੋ ਕੇ ਪਿੰਡ ਖੇੜਾ ਦੇ ਕਾਮਰੇਡ ਨਿੱਕਾ ਸਿੰਘ ਖੇੜਾ ਨੇ ਆਪਣੇ ਪੁੱਤਰ ਸ਼ਰਨਦੀਪ ਸਿੰਘ ਦਾ 5ਵਾਂ ਜਨਮਦਿਨ ਰਵਾਇਤੀ ਤਰੀਕੇ ਨਾਲ ਨਾ ਮਨਾ ਕੇ ਵਾਤਾਵਰਨ ਨੂੰ ਸਮਰਪਿਤ ਕੀਤਾ।ਪਿੰਡ ਖੇੜਾ ਵਿਖੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਸ਼ਰਨਦੀਪ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਕੇਕ ਕੱਟਣ ਦੀ ਬਜਾਏ ਬੱਚੇ ਤੋਂ ਪੌਦਾ ਲਗਵਾਇਆ ਗਿਆ ਅਤੇ ਉਸਦੀ ਸਾਂਭ-ਸੰਭਾਲ ਦਾ ਪ੍ਰਣ ਲਿਆ ਗਿਆ। ਇਸ ਮੌਕੇ ਬੋਲਦਿਆਂ ਕਾਮਰੇਡ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਜਦੋਂ ਦਰੱਖਤ ਕੱਟੇ ਜਾ ਰਹੇ ਹਨ ਅਤੇ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ, ਤਾਂ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਜੇ ਹਰ ਪਰਿਵਾਰ ਆਪਣੇ ਘਰ ਬੱਚੇ ਦੇ ਜਨਮ ਹੋਣ ‘ਤੇ ਇੱਕ ਰੁੱਖ ਦੀ ਸੇਵਾ ਕਰਨ ਦਾ ਸੰਕਲਪ ਲੈ ਲਵੇ, ਤਾਂ ਆਉਣ ਵਾਲੇ ਕੁਝ ਸਾਲਾਂ ‘ਚ ਹੀ ਸਾਡਾ ਵਾਤਾਵਰਨ ਸਾਫ਼-ਸੁਥਰਾ ਹੋ ਜਾਵੇਗਾ। ਗੰਦਗੀ ਅਤੇ ਪ੍ਰਦੂਸ਼ਣ ਦੀ ਸਮੱਸਿਆ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਨਮਦਿਨ, ਵਿਆਹ, ਵਰ੍ਹੇਗੰਢ ਅਤੇ ਹੋਰ ਖੁਸ਼ੀਆਂ ਦੇ ਮੌਕਿਆਂ ‘ਤੇ ਫਜ਼ੂਲ ਖਰਚੇ ਅਤੇ ਪਟਾਕੇ ਚਲਾਉਣ ਦੀ ਬਜਾਏ ਹਰ ਵਿਅਕਤੀ ਨੂੰ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਸਾਰੇ ਪਿੰਡ ਵਾਸੀਆਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਇਸ ਪ੍ਰੇਰਨਾਦਾਇਕ ਸਮਾਗਮ ‘ਚ ਵੱਡੀ ਗਿਣਤੀ ‘ਚ ਔਰਤਾਂ ਅਤੇ ਪਿੰਡ ਦੇ ਪਤਵੰਤੇ ਸ਼ਾਮਲ ਹੋਏ। ਇਸ ਮੌਕੇ ਬੱਚੇ ਦੀ ਮਾਤਾ ਗੁਰਪ੍ਰੀਤ ਕੌਰ, ਰਵਿੰਦਰ ਕੌਰ, ਪ੍ਰੀਤਮ ਕੌਰ, ਨਰਿੰਦਰ ਕੌਰ, ਪਿੰਕੀ ਰਾਣੀ, ਚਰਨਜੀਤ ਕੌਰ, ਰਾਣੀ ਕੌਰ, ਮਾਇਆ ਕੌਰ, ਹਰਬੰਸ ਕੌਰ, ਬਚਨੀ ਦੇਵੀ, ਪੂਨਮ ਕੌਰ, ਸੀਰਤ ਕੌਰ, ਰੋਹਿਤਪ੍ਰੀਤ ਕੌਰ, ਸਿਮਰਨ ਕੌਰ, ਦਰਸ਼ਨਾਂ ਦੇਵੀ, ਬਲਵਿੰਦਰ ਕੌਰ, ਲਾਡੀ ਰਾਣੀ, ਹਰਜਿੰਦਰ ਕੌਰ, ਅਸ਼ੋਕ ਖੇੜਾ ਅਤੇ ਪ੍ਰਿੰਸ ਖੇੜਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ। ਸਾਰਿਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਅਜਿਹੇ ਸਮਾਗਮਾਂ ‘ਤੇ ਰੁੱਖ ਲਗਾਉਣ ਦਾ ਐਲਾਨ ਕੀਤਾ।ਸਮੁੱਚੇ ਪਿੰਡ ਨੇ ਕਾਮਰੇਡ ਨਿੱਕਾ ਸਿੰਘ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਪਹਿਲਾਂ ਹੀ ਸਮਾਜ ਨੂੰ ਬਦਲਣ ਦਾ ਕਾਰਨ ਬਣਦੀਆਂ ਹਨ।