ਅੰਮ੍ਰਿਤਸਰ, 15 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ ) ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਭੀਲੋਵਾਲ (ਅੰਮ੍ਰਿਤਸਰ-2) ਵੱਲੋਂ ਸੈਸ਼ਨ 2027-28 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ (JNVST) ਰਾਹੀਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਵਿਦਿਆਲਿਆ ਦੇ ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਗਾਵਾਂ, ਹਰਸ਼ਾ ਛੀਨਾ (ਚੋਗਾਵਾਂ-2), ਜੰਡਿਆਲਾ ਗੁਰੂ, ਵੇਰਕਾ, ਅੰਮ੍ਰਿਤਸਰ-1, ਅੰਮ੍ਰਿਤਸਰ-2, ਅੰਮ੍ਰਿਤਸਰ-3 ਅਤੇ ਅੰਮ੍ਰਿਤਸਰ-4 ਸਿੱਖਿਆ ਬਲਾਕਾਂ ਨਾਲ ਸੰਬੰਧਿਤ ਯੋਗ ਵਿਦਿਆਰਥੀ ਇਸ ਦਾਖਲਾ ਪ੍ਰਕਿਰਿਆ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਮਿਤੀ 31 ਜੁਲਾਈ 2026 ਨਿਰਧਾਰਿਤ ਕੀਤੀ ਗਈ ਹੈ, ਜਦਕਿ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 28 ਨਵੰਬਰ 2026 ਨੂੰ ਕਰਵਾਈ ਜਾਵੇਗੀ। ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਜਿਹੇ ਵਿਦਿਆਰਥੀ ਜੋ ਅਕਾਦਮਿਕ ਸੈਸ਼ਨ 2026-27 ਦੌਰਾਨ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ ਹਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੂਲ ਵਸਨੀਕ ਹਨ, ਉਹ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਦਾ ਜਨਮ 1 ਮਈ 2015 ਤੋਂ 31 ਜੁਲਾਈ 2017 ਦੇ ਵਿਚਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੀਆਂ ਆਨਲਾਈਨ ਅਰਜ਼ੀਆਂ ਭਰਨ ਅਤੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ। ਦਾਖਲੇ ਸਬੰਧੀ ਵਿਸਥਾਰਤ ਜਾਣਕਾਰੀ ਅਤੇ ਪ੍ਰੋਸਪੈਕਟਸ ਜਵਾਹਰ ਨਵੋਦਿਆ ਵਿਦਿਆਲਿਆ ਸਮਿਤੀ ਦੀ ਅਧਿਕਾਰਕ ਵੈੱਬਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਉਮੀਦਵਾਰ ਕਮਲਜੀਤ ਸਿੰਘ (9463348720) ਅਤੇ ਰਮਨ (9803722444) ਨਾਲ ਸੰਪਰਕ ਕਰ ਸਕਦੇ ਹਨ।






