ਧੂਮ ਧਾਮ ਨਾਲ ਹੋਇਆ ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਸਲਾਨਾ ਸਮਾਗਮ
ਬਠਿੰਡਾ, 22 ਨਵੰਬਰ ( ਸੁਰਿੰਦਰਪਾਲ ਸਿੰਘ ) : ਸੇਂਟ ਜ਼ੇਵੀਅਰਜ਼ ਸਕੂਲ ਬਠਿੰਡਾ ਵਿਖੇ 16 ਸਲਾਨਾ ਸਮਾਗਮ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਜਿਸ ਵਿੱਚ ਮੁੱਖ-ਮਹਿਮਾਨ ਵਜੋਂ ਅਸ਼ਵਨੀ ਮਹਾਜਨ ਸਵਦੇਸ਼ੀ ਜਾਗਰਣ ਮੰਚ ਦੇ ਰਾਸ਼ਟਰੀ ਕੋ-ਕਨਵੀਨਰ ਨੇ ਸ਼ਿਰਕਤ ਕੀਤੀ।ਸਕੂਲ ਮੈਨੇਜਰ ਰੈਂਵਰਡ ਫ਼ਾਦਰ ਅਮਾਰੋ ਮਾਰਟਿਨਜ਼,ਪ੍ਰਿੰਸੀਪਲ ਰੈਂਵਰਡ ਫ਼ਾਦਰ ਸਿਡਲਾਏ ਫ਼ਰਟਾਡੋ, ਪੈਰਿਸ਼ ਪ੍ਰੀਸਟ ਰੈਂਵਰਡ ਫ਼ਾਦਰ ਆਇਵੋ ਡਾਇਸ , ਅਸਿਸਟੈਂਟ ਪੈਰਿਸ਼ ਪ੍ਰੀਸਟ ਰੈਂਵਰਡ ਫ਼ਾਦਰ ਵੈਨੀਟੋ ਕੋਲਾਸੋ ਨੇ ਆਪਣੀ ਮੌਜੂਦਗੀ ਨਾਲ ਇਸ ਸਮਾਗਮ ਨੂੰ ਸ਼ਿੰਗਾਰਿਆ।ਸਕੂਲ ਬੈਂਡ ਨਾਲ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸੰਸਕ੍ਰਿਤ ਦੇ ਸਲੋਕਾਂ ਨਾਲ ਸਰਵਸ਼ਕਤੀਮਾਨ ਦੀ ਦੈਵੀ ਕਿਰਪਾ ਨੂੰ ਸੱਦਾ ਦਿੰਦੇ ਹੋਏ ਸ਼ਮ੍ਹਾਂ ਰੌਸ਼ਨ ਕਰਕੇ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੁਆਗਤੀ ਗੀਤ ਅਤੇ ਡਾਂਸ ਨਾਲ ਕੀਤੀ ਗਈ।ਮੁੱਖ-ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਵਿਦਆਰਥੀਆਂ ਵੱਲੋਂ ਪੰਜਾਬ ਦਾ ਪ੍ਰਸਿੱਧ ਲੋਕ-ਨਾਚ ਭੰਗੜਾ ਅਤੇ ਗਿੱਧਾ ਵੀ ਪੇਸ਼ ਕੀਤਾ ਗਿਆ ਜਿਸ ਨੇ ਸਭ ਦਾ ਮਨ ਮੋਹ ਲਿਆ।।ਸਕੂਲ ਦੇ ਵਿਦਿਆਰਥੀਆਂ ਵਿੱਚ ਅਲੱਗ ਹੀ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ ਕਿਉਂਕਿ ਬਠਿੰਡਾ ਸ਼ਹਿਰ ਵਿੱਚ ਪਹਿਲੀ ਵਾਰ ਇੱਕ ਸੰਗੀਤਕ ਨਾਟਕ ਰਾਹੀਂ ਮਟਿਲਡਾ ਵਰਮਵੁੱਡ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦਾ ਪ੍ਰਦਰਸ਼ਨ ਕੀਤਾ ਗਿਆ ਸੀ।ਇਹ ਇੱਕ ਸੰਗੀਤਕ ਅਲੌਕਿਕਤਾ ਸੀ ਜਿਸ ਵਿੱਚ ਇੱਕ
ਬਹਾਦਰ ਛੋਟੀ ਕੁੜੀ ਦੇ ਜੀਵਨ ਨੂੰ ਦਰਸਾਇਆ ਗਿਆ ਸੀ ਜਿਸ ਨੇ ਅਜ਼ਮਾਇਸ਼ਾਂ ਦਾ ਸਾਹਮਣਾ ਕਰਨ ਦੀ ਆਪਣੀ ਸਮਰੱਥਾ ਦੀ ਖੋਜ ਕੀਤੀ।ਉਸ ਨੇ ਕਮਾਲ ਦੀ ਹਿੰਮਤ ਅਤੇ ਦ੍ਰਿੜਤਾ ਨਾਲ ਜੀਵਨ ਵਿਚਲੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ। ਜਿਸ ਵਿੱਚ ਅਲੱਗ-ਅਲੱਗ ਪ੍ਰਤਿਭਾਸ਼ਾਲੀ ਪਾਤਰਾਂ ਰਾਹੀਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਨਿਗੁਣਾ ਨਹੀਂ ਹੁੰਦਾ ਲੋੜ ਹੈ ਉਸਦੀਆਂ ਕਲਾਵਾਂ ਨੂੰ ਪਛਾਣਨ ਅਤੇ ਉਜਾਗਰ ਕਰਨ ਦੀ ਕਿ ਕਿਸ ਤਰ੍ਹਾਂ ਸਹੀ ਸੇਧ ਅਤੇ ਪੁਸਤਕਾਂ ਵਿਅਕਤੀ ਦਾ ਜੀਵਨ ਬਦਲ ਸਕਦੀਆਂ ਹਨ।ਪ੍ਰਤਿਭਾ ਦੇ ਪ੍ਰਦਰਸ਼ਨ ਅਤੇ ਮਾਹੌਲ ਦੇ ਸੁਮੇਲ ਤੋਂ ਦਰਸ਼ਕ ਬਹੁਤ ਹੀ ਆਕਰਸ਼ਿਤ ਹੋਏ ।







