ਰੂਪਨਗਰ ਦਲਜੀਤ ਚਨੋਲੀ : ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਲਗਾਤਾਰ ਗਤੀ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਰੂਪਨਗਰ ਸ਼ਹਿਰ ਦੇ ਵਾਰਡ ਨੰਬਰ 2 ਅਧੀਨ ਪੈਂਦੀ ਰੋਇਲ ਕਾਲੋਨੀ ਦੀ ਉਹ ਸੜਕ, ਜੋ ਸਾਲਾਂ ਤੋਂ ਕੱਚੀ ਹੋਣ ਕਾਰਨ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ, ਨੂੰ ਹੁਣ ਪੱਕਾ ਬਣਾਇਆ ਜਾ ਰਿਹਾ ਹੈ। ਇਸ ਵਿਕਾਸ ਕਾਰਜ ਨਾਲ ਕਾਲੋਨੀ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਕੱਚੀ ਸੜਕ ਕਾਰਨ ਬਰਸਾਤ ਦੇ ਦਿਨਾਂ ਵਿੱਚ ਪਾਣੀ ਭਰਨ, ਚਿੱਕੜ ਅਤੇ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਾਰ ਇਸ ਸਬੰਧੀ ਮੰਗ ਵੀ ਉਠਾਈ ਗਈ, ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸੜਕ ਨੂੰ ਪੱਕਾ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਕਾਲੋਨੀ ਵਾਸੀਆਂ ਨੇ ਕਿਹਾ ਕਿ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਹਲਕੇ ਵਿੱਚ ਅਜਿਹੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਨ੍ਹਾਂ ਬਾਰੇ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦੇ ਕੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ, ਜਿਸ ਲਈ ਸਮੂਹ ਇਲਾਕਾ ਵਾਸੀ ਉਨ੍ਹਾਂ ਦੇ ਧੰਨਵਾਦੀ ਹਨ। ਇਸ ਮੌਕੇ ਜਸਵੀਰ ਸਿੰਘ ਨਾਨਕਪੁਰਾ, ਵਿਪਨ ਕੁਮਾਰ, ਗਣੇਸ਼ ਕੁਮਾਰ, ਭਜਨ ਸਿੰਘ, ਚੇਅਰਮੈਨ ਮਲਕੀਤ ਸਿੰਘ ਭੰਗੂ, ਜਰਨੈਲ ਸਿੰਘ ਦੀਪੂ, ਰਾਜ ਕੁਮਾਰ, ਕਾਕਾ ਸਿੰਘ, ਜਗਦੀਪ ਸਿੰਘ ਜੱਗੂ, ਹਰਜੀਤ ਸੈਂਫਲਪੁਰੀਆ ਸਮੇਤ ਵੱਡੀ ਗਿਣਤੀ ਵਿੱਚ ਕਾਲੋਨੀ ਵਾਸੀ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਸੜਕ ਬਣਨ ਨਾਲ ਨਾ ਸਿਰਫ਼ ਆਵਾਜਾਈ ਸੁਖਾਲੀ ਹੋਵੇਗੀ, ਸਗੋਂ ਇਲਾਕੇ ਦੀ ਸੁੰਦਰਤਾ ਅਤੇ ਰਹਿਣ-ਸਹਿਣ ਦੇ ਮਿਆਰ ਵਿੱਚ ਵੀ ਮਹੱਤਵਪੂਰਨ ਸੁਧਾਰ ਆਵੇਗਾ।


