ਅੰਮ੍ਰਿਤਸਰ 2 ਸਿਤੰਬਰ ( ਮਨਜੀਤ ਸਿੰਘ ਸ਼ੇਰਗਿੱਲ ) ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਇੰਟਰਨੈਸ਼ਨਲ ਸੈਕਟਰੀ, ਯੂਐਸਏ ਦੇ ਸ਼੍ਰੀ ਟੌਮ ਵਾਸ਼ਿੰਗਟਨ, ਇੰਟਰਨੈਸ਼ਨਲ ਚੇਅਰਮੈਨ ਡਾ. ਅਵਿਨਾਸ਼ ਡੀ. ਸਕੁੰਡੇ ਅਤੇ ਉਨ੍ਹਾਂ ਦੀ ਵੈਰੀਫਿਕੇਸ਼ਨ ਕਮੇਟੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਾਲ 1968 ਤੋਂ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਿਸ਼ਕਾਮ ਅਤੇ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਲੋਕ-ਭਲਾਈ ਦੇ ਕਾਰਜਾਂ ਲਈ ਡਾ. ਸਵਰਾਜ ਗਰੋਵਰ ਦਾ ਨਾਮ ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਸ਼ਾਮਲ ਕੀਤਾ ਗਿਆ ਹੈ।ਡਾ. ਸਵਰਾਜ ਗਰੋਵਰ ਨੇ ਆਪਣੇ ਜੀਵਨ ਦੇ ਲਗਭਗ ਛੇ ਦਹਾਕਿਆਂ ਦੌਰਾਨ 25,000 ਤੋਂ ਵੱਧ ਟੁੱਟੇ ਹੋਏ ਪਰਿਵਾਰਾਂ ਨੂੰ ਜੋੜਨ, ਘਰੇਲੂ ਹਿੰਸਾ, ਭਰੂਣ ਹੱਤਿਆ, ਨਸ਼ਾਖੋਰੀ, ਦਾਜ ਪ੍ਰਥਾ ਅਤੇ ਬਾਲ ਵਿਆਹ ਦੇ ਵਿਰੁੱਧ ਕਾਰਜ ਕਰਨ ਦੇ ਨਾਲ-ਨਾਲ ਦਾਜ ਰਹਿਤ ਵਿਆਹ ਸੰਪੰਨ ਕਰਵਾਉਣ ਅਤੇ ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਦੇ ਮੁੜ ਵਿਆਹ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਉਨ੍ਹਾਂ ਨੇ ਝੁੱਗੀ-ਝੋਂਪੜੀ ਵਾਲੇ ਅਤੇ ਪੇਂਡੂ ਖੇਤਰਾਂ ਵਿੱਚ ਲੋਕ-ਭਲਾਈ ਦੇ ਕਾਰਜ ਕਰਦੇ ਹੋਏ ਹਜ਼ਾਰਾਂ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਬਜ਼ੁਰਗਾਂ, ਦਿਵਿਆਂਗਜਨਾਂ, ਸਿਹਤ, ਵਾਤਾਵਰਣ ਅਤੇ ਸਮਾਜਿਕ ਜਾਗਰੂਕਤਾ ਦੇ ਖੇਤਰਾਂ ਵਿੱਚ ਵੀ ਲਗਾਤਾਰ ਸੇਵਾ ਕਾਰਜ ਕੀਤੇ ਹਨ।ਉਨ੍ਹਾਂ ਦੀ ਸਮਾਜ ਸੇਵਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੀ ਵਿਸ਼ੇਸ਼ ਪਹਿਚਾਣ ਮਿਲੀ ਹੈ। ਦੱਖਣੀ ਅਮਰੀਕਾ, ਹਾਲੈਂਡ, ਮੌਰੀਸ਼ਸ, ਚੀਨ, ਸਿੰਗਾਪੁਰ, ਨੇਪਾਲ, ਥਾਈਲੈਂਡ, ਮੈਲਬਰਨ, ਸਿਡਨੀ, ਸ੍ਰੀਲੰਕਾ ਅਤੇ ਮਿਆਂਮਾਰ ਸਮੇਤ ਕਈ ਦੇਸ਼ਾਂ ਅਤੇ ਭਾਰਤ ਦੇ ਲਗਭਗ ਸਾਰੇ ਰਾਜਾਂ ਵਿੱਚ ਉਨ੍ਹਾਂ ਨੂੰ ਵੱਖ-ਵੱਖ ਸਮਾਜਿਕ ਅਤੇ ਲੋਕ-ਭਲਾਈ ਦੇ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ।ਇਸ ਅੰਤਰਰਾਸ਼ਟਰੀ ਉਪਲਬਧੀ ਨੂੰ ਡਾ. ਸਵਰਾਜ ਗਰੋਵਰ ਨੇ ਭਾਰਤ ਮਾਤਾ ਦੇ ਚਰਨਾਂ ਵਿੱਚ ਸਮਰਪਿਤ ਕਰਦਿਆਂ ਕਿਹਾ ਕਿ ਆਖਰੀ ਸਾਹ ਤੱਕ ਪੀੜਤਾਂ ਦੀ ਪੀੜਾ ਦੂਰ ਕਰਨ ਦਾ ਉਨ੍ਹਾਂ ਦਾ ਸੰਕਲਪ ਜਾਰੀ ਰਹੇਗਾ।