ਸਬ ਟੀ ਵੀ ਦੇ ਮਸ਼ਹੂਰ ਸੀਰੀਅਲ ਐੱਫ ਆਈ ਆਰ (FIR) ਵਿੱਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਉਣ ਵਾਲੀ ਕਵਿਤਾ ਕੌਸ਼ਿਕ ਕਿਸੇ ਜਾਣ ਪਹਿਚਾਣ ਦੀ ਮੁਹਤਾਜ਼ ਨਹੀਂ। ਕਵਿਤਾ ਕੌਸ਼ਿਕ ਦਾ ਜਨਮ 15 ਫਰਵਰੀ 1981 ਨੂੰ ਦਿੱਲੀ ਵਿੱਚ ਪਿਤਾ ਦਿਨੇਸ਼ਚੰਦਰ ਕੌਸ਼ਿਕ ਅਤੇ ਮਾਤਾ ਅਪਰਨਾ ਕੌਸ਼ਿਕ ਦੇ ਘਰ ਹੋਇਆ। ਕਵਿਤਾ ਕੌਸ਼ਿਕ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਪਬਲਿਕ ਸਕੂਲ ਦਿੱਲੀ ਅਤੇ ਗ੍ਰੈਜੂਏਸ਼ਨ ਇੰਦਰਾ ਪ੍ਰਸਤ ਕਾਲਜ਼ ਦਿੱਲੀ ਤੋਂ ਪੂਰੀ ਕੀਤੀ।ਕਾਲਜ਼ ਦੇ ਸਮੇਂ ਤੋਂ ਹੀ ਅਦਾਕਾਰੀ ਦਾ ਜਨੂੰਨ ਰੱਖਣ ਵਾਲੀ ਕਵਿਤਾ ਦੀ ਜ਼ਿੰਦਗੀ ਵਿੱਚ ਮੋੜ ਉਦੋਂ ਆਇਆ ਜਦੋਂ ਬਾਲਾਜੀ ਟੈਲੀਫਿਲਮ ਦੇ ਸੀਰੀਅਲ ਕੁਟੰਬ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਦਾ ਮੌਕਾ ਮਿਲਿਆ।ਇਸ ਤੋਂ ਬਾਅਦ ਘਰ ਘਰ ਦੀ ਕਹਾਣੀ,ਕੁਮ ਕੁਮ,ਸੀ ਆਈ ਡੀ, ਅਰੇ ਦੀਵਾਨੋ ਮੁਝੇ ਪਹਿਚਾਨੋ ਵਿੱਚ ਹੋਸਟ,ਐੱਫ ਆਈ ਆਰ,ਦਿਲ ਕੀ ਚਾਹੁੰਦਾ ਹੈ, ਫੇਸਬੁੱਕ ਕਵਿਤਾ, ਕੋਈ ਅਪਨਾ ਸਾ,ਰਾਤ ਹੋਨੇ ਕੋ ਹੈ, ਕਹਾਣੀ ਤੇਰੀ ਮੇਰੀ,ਯੇ ਮੇਰੀ ਲਾਈਫ ਹੈ,ਡਾ. ਭਾਨੂਮਤੀ ਆੱਨ ਡਿਊਟੀ,ਨੱਚ ਬੱਲੀਏ -3, ਲਕਸ਼ਮੀ ਘਰ ਆਈ,ਦਿ ਕੌਬ ਵੈੱਬ ਸੀਰੀਜ਼,ਹਿੰਦੀ ਫ਼ਿਲਮ ਲਵਯਾਪਾ, ਏਕ ਹਸੀਨਾ ਥੀ,ਜ਼ੰਜੀਰ,ਵੈੱਬ ਸੀਰੀਜ਼ ਤੇਰਾ ਛਲਾਵਾ ਅਤੇ 2026 ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ ਕਪਤਾਨ ਵਿੱਚ ਕੀਤੀ ਅਦਾਕਾਰੀ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਉਣ ਵਿੱਚ ਅਹਿਮ ਰੋਲ ਨਿਭਾਇਆ। ਕਵਿਤਾ ਕੌਸ਼ਿਕ ਦੀ ਹਿੰਦੀ ਦੇ ਨਾਲ ਨਾਲ ਹਰਿਆਣਵੀ ਅਤੇ ਪੰਜਾਬੀ ਭਾਸ਼ਾ ਵਿੱਚ ਵੀ ਪਕੜ ਮਜ਼ਬੂਤ ਹੈ। ਪੰਜਾਬੀ ਫ਼ਿਲਮ ਵੇਖ ਬਰਾਤਾਂ ਚੱਲੀਆਂ ਵਿੱਚ ਇੱਕ ਹਰਿਆਣਵੀ ਕੁੜੀ ਦਾ ਨਿਭਾਇਆ ਰੋਲ ਇਹ ਸ਼ਾਹਦੀ ਭਰਦਾ ਹੈ ਕਿ ਉਹ ਕੋਈ ਵੀ ਕਿਰਦਾਰ ਨਿਭਾ ਸਕਦੀ ਹੈ। ਪੰਜਾਬੀ ਫ਼ਿਲਮ ਵਧਾਈਆਂ ਜੀ ਵਧਾਈਆਂ ਅਤੇ ਮਿੰਦੋ ਤਹਿਸੀਲਦਾਰਨੀ ਵਿੱਚ ਕੀਤੀ ਅਦਾਕਾਰੀ ਉਸ ਨੂੰ ਮਾਂ ਬੋਲੀ ਪੰਜਾਬੀ ਦਾ ਵੀ ਧਰੂ ਤਾਰਾ ਬਣਾਉਂਦੀ ਹੈ।ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਨੇ ਕੈਰੀ ਆਨ ਜੱਟਾ-3 ਅਤੇ ਨਨਕਾਣਾ ਵਰਗੀਆਂ ਫਿਲਮਾਂ ਵੀ ਪੰਜਾਬੀ ਸਿਨੇਮਾ ਦੇ ਝੋਲੀ ਪਾਈਆਂ।ਬਿਗ ਬੌਸ -14 ਅਤੇ ਝਲਕ ਦਿਖਲਾ ਜਾ ਵਰਗੇ ਹਿੱਟ ਸ਼ੋਅਜ਼ ਵਿੱਚ ਹਿੱਸਾ ਲੈਣ ਵਾਲੀ ਕਵਿਤਾ ਕੌਸ਼ਿਕ ਦੀ ਮੌਡਲਿੰਗ ਤੋਂ ਕੀਤੀ ਸ਼ੁਰੂਆਤ ਉਸ ਨੂੰ ਐਂਕਰਿੰਗ ਤੋਂ ਲਿਜਾਂਦੀ ਹੋਈ ਅੱਜ ਇੱਕ ਸਫ਼ਲ ਅਦਾਕਾਰ ਤੱਕ ਜਾ ਪਹੁੰਚਾਉਂਦੀ ਹੈ। ਕਵਿਤਾ ਕੌਸ਼ਿਕ ਨੂੰ ਉਸਦੇ ਮਸ਼ਹੂਰ ਸੀਰੀਅਲ ਐੱਫ ਆਈ ਆਰ ਦੇ ਲਈ 2011 ਵਿੱਚ ਇੰਡੀਅਨ ਟੈਲੀਵਿਜ਼ਨ ਅਕਾਦਮੀ ਦੁਆਰਾ ਸਰਵੋਤਮ ਅਦਾਕਾਰਾ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਕਵਿਤਾ ਕੌਸ਼ਿਕ ਦੀ ਚੰਗੀ ਸਿਹਤ ਅਤੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਉਹ ਪਹਿਲਾਂ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਦਰਸ਼ਕਾਂ ਦੀ ਝੋਲੀ ਮਨੋਰੰਜਨ ਦੀਆਂ ਵੱਖ ਵੱਖ ਵੰਨਗੀਆਂ ਪਾਉਂਦੇ ਰਹਿਣਗੇ।






