ਨਵਾਂਸ਼ਹਿਰ , 14 ਸਤੰਬਰ (ਜਤਿੰਦਰਪਾਲ ਸਿੰਘ ਕਲੇਰ): ਗੁੱਜਰ ਸਭਾ ਹੁਸ਼ਿਆਰਪੁਰ ਵੱਲੋਂ ਆਪਣੇ ਭਾਈਚਾਰੇ ਦੀ ਏਕਤਾ ਅਤੇ ਵਿਰਾਸਤ ਨੂੰ ਸਮਰਪਿਤ ਇੱਕ ਗੁੱਜਰ ਭਵਨ ਦਾ ਨਿਰਮਾਣ ਕਰਨ ਦਾ ਜੋ ਇਤਿਹਾਸਕ ਕਦਮ ਚੁੱਕਿਆ ਗਿਆ ਹੈ, ਉਹ ਸਮੁੱਚੇ ਗੁੱਜਰ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਗੁੱਜਰ ਭਵਨ ਦੇ ਸ਼ੁਭ ਆਰੰਭ ਮੌਕੇ ਕੀਤਾ। ਇਸ ਸ਼ੁਭ ਮੌਕੇ ‘ਤੇ ਉਚੇਚੇ ਤੌਰ ‘ਤੇ ਪਹੁੰਚੇ ਬ੍ਰਿਗੇਡੀਅਰ ਰਾਜ ਕੁਮਾਰ ਦਾ ਗੁੱਜਰ ਸਭਾ ਹੁਸ਼ਿਆਰਪੁਰ ਦੀ ਮੈਨੇਜਮੈਂਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਭਾ ਵੱਲੋਂ ਇਸ ਨੇਕ ਕਾਰਜ ਦੀ ਸ਼ੁਰੂਆਤ ‘ਤੇ ਖੁਸ਼ੀ ਸਾਂਝੀ ਕਰਦਿਆਂ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਮੈਂ ਗੁੱਜਰ ਸਭਾ ਹੁਸ਼ਿਆਰਪੁਰ ਦੀ ਸਮੁੱਚੀ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਭਵਨ ਦੀ ਸੋਚ ਨੂੰ ਸਾਕਾਰ ਕੀਤਾ ਅਤੇ ਸਮੁੱਚੀ ਸਾਧ ਸੰਗਤ ਨੂੰ ਇਸ ਇਤਿਹਾਸਕ ਕਦਮ ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਭਵਨ ਸਿਰਫ ਇੱਕ ਇਮਾਰਤ ਨਹੀਂ, ਸਗੋਂ ਸਾਡੇ ਭਾਈਚਾਰੇ ਦੀ ਏਕਤਾ, ਸੱਭਿਆਚਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਕੇਂਦਰ ਬਣੇਗਾ। ਇਸ ਮੌਕੇ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਗੁੱਜਰ ਭਵਨ ਦੇ ਨਿਰਮਾਣ ਅਤੇ ਭਾਈਚਾਰੇ ਦੀ ਭਲਾਈ ਲਈ ਜਿੱਥੇ ਵੀ ਮੇਰੀ ਲੋੜ ਪਵੇਗੀ, ਮੈਂ ਹਰ ਤਰ੍ਹਾਂ ਦੀ ਸੰਭਵ ਮਦਦ ਲਈ ਹਮੇਸ਼ਾ ਤਤਪਰ ਰਹਾਂਗਾ।






