ਜਲੰਧਰ, 2 ਦਸੰਬਰ (ਅਮ੍ਰਿੰਤਪਾਲ ਸਿੰਘ):- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੰਡੀਗੜ੍ਹ ‘ਚ ਮੀਟਿੰਗ ਤੋਂ ਬਾਅਦ ਸ਼ਨੀਵਾਰ ਨੂੰ’ ਆਪ ‘ਨੇਤਾਵਾਂ ਨਾਲ ਜਲੰਧਰ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ ਅੰਮ੍ਰਿਤਸਰ ਅਤੇ ਜਲੰਧਰ ਨਗਰ ਨਿਗਮ ਨੂੰ ਲੈ ਕੇ ਵਿਸਤ੍ਰਿਤ ਚਰਚਾ ਕੀਤੀ ਗਈ। ਮੀਟਿੰਗ ਵਿੱਚ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ, ਮੰਤਰੀ ਮੋਹਿੰਦਰ ਭਗਤ, ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਡਾ. ਅਜੇ ਗੁਪਤਾ, ਪਾਰਟੀ ਆਗੂ ਦੀਪਕ ਬਾਲੀ, ਸੰਨੀ ਆਹਲੂਵਾਲੀਆ ਅਤੇ ਹੋਰ ਪਾਰਟੀ ਔਹਦੇਦਾਰ ਹਾਜ਼ਰ ਸਨ।ਮੀਟਿੰਗ ਤੋਂ ਬਾਅਦ ਅਮਨ ਅਰੋੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਨਗਰ ਨਿਗਮਾਂ ਸਬੰਧੀ ਵਿਸਥਾਰਪੂਰਵਕ ਚਰਚਾ ਹੋਈ। ਕੱਲ੍ਹ ਨਗਰ ਕੌਂਸਲਾਂ, ਪੰਚਾਇਤਾਂ ਅਤੇ ਕਮੇਟੀਆਂ ਸਬੰਧੀ ਸਬੰਧਤ ਖੇਤਰ ਦੇ ਪਾਰਟੀ ਆਗੂਆਂ ਨਾਲ ਮੀਟਿੰਗ ਹੋਵੇਗੀ। ਸੂਬੇ ਦੀਆਂ 42 ਨਗਰ ਕੌਂਸਲਾਂ ਅਤੇ ਕਮੇਟੀਆਂ ਲਈ ਵੀ ਚੋਣਾਂ ਹੋਣੀਆਂ ਹਨ। ਸਾਰੀਆਂ ਕਮੇਟੀਆਂ ਸਾਡੇ ਲਈ ਮਹੱਤਵਪੂਰਨ ਹਨ ਅਤੇ ਸਾਡਾ ਉਨ੍ਹਾਂ ‘ਤੇ ਬਰਾਬਰ ਧਿਆਨ ਹੈ।ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰਾਂ ਦੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਬੇਹੱਦ ਉਤਸ਼ਾਹ ਹੈ। ਹਰ ਪਾਸੇ ਲੋਕ ‘ਆਪ’ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰ ਰਹੇ ਹਨ। ਇਸ ਦਾ ਅਸਰ ਜਿਮਨੀ ਚੋਣਾਂ ‘ਚ ਵੀ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਸਾਰੇ ਲੋਕ ਸਮਝ ਚੁੱਕੇ ਹਨ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਇਮਾਨਦਾਰੀ ਨਾਲ ਵਿਕਾਸ ਕਾਰਜ ਕਰ ਸਕਦੀ ਹੈ ਅਤੇ ਮੁਫ਼ਤ ਸਹੂਲਤਾਂ ਦੇ ਸਕਦੀ ਹੈ।ਅਰੋੜਾ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਜਿਸ ਤਰ੍ਹਾਂ ਲੋਕਾਂ ਨੇ ਜ਼ਿਮਨੀ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ 4 ‘ਚੋਂ 3 ਸੀਟਾਂ ‘ਤੇ ਜਿੱਤਾਇਆ, ਉਸੇ ਤਰ੍ਹਾਂ ਲੋਕ ਨਗਰ ਨਿਗਮ ਚੋਣਾਂ ‘ਚ ਵੀ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿੱਤਾ ਕੇ ਸਾਰੇ ਨਿਗਮਾਂ, ਕੌਂਸਲਾਂ ਅਤੇ ਕਮੇਟੀਆਂ ‘ਚ ਮੇਅਰ ਅਤੇ ਪ੍ਰਧਾਨ ਬਣਾਉਣਗੇ।ਅਰੋੜਾ ਨੇ ਦੱਸਿਆ ਕਿ 1 ਦਸੰਬਰ ਤੋਂ ਆਮ ਆਦਮੀ ਪਾਰਟੀ ਸਾਰੀਆਂ ਨਗਰ ਨਿਗਮਾਂ, ਕੌਂਸਲਾਂ ਅਤੇ ਕਮੇਟੀਆਂ ਦੇ ਕੌਂਸਲਰ ਉਮੀਦਵਾਰਾਂ ਦੀਆਂ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰ ਦੇਵੇਗੀ। ਚੋਣ ਪ੍ਰਕਿਰਿਆ ਵਿੱਚ ਮੈਰਿਟ, ਪਾਰਟੀ ਪ੍ਰਤੀ ਵਫ਼ਾਦਾਰੀ, ਇਲਾਕੇ ਦੇ ਸਮਾਜਿਕ ਸਮੀਕਰਨ ਅਤੇ ਜਿੱਤਣ ਦੀ ਯੋਗਤਾ ਨੂੰ ਪਹਿਲ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਵਿੱਚ ਪਹਿਲੀ

ਤਰਜੀਹ ਪਾਰਟੀ ਵਰਕਰਾਂ ਨੂੰ ਦਿੱਤੀ ਜਾਵੇਗੀ। ਜੇਕਰ ਕੋਈ ਦੂਜੀ ਧਿਰ ਤੋਂ ਆਉਂਦਾ ਹੈ ਅਤੇ ਉਸ ਦਾ ਅਕਸ ਇਮਾਨਦਾਰ ਹੋਵੇਗਾ ਤਾਂ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਪਰ ਜ਼ਿਆਦਾਤਰ ਟਿਕਟਾਂ ਪਾਰਟੀ ਨਾਲ ਜੁੜੇ ਲੋਕਾਂ ਨੂੰ ਹੀ ਮਿਲਣਗੀਆਂ। ਸਾਡੇ ਕੋਲ ਰਾਜ ਭਰ ਵਿੱਚ ਸਰਗਰਮ ਅਤੇ ਸਮਰਪਿਤ ਵਰਕਰਾਂ ਦੀ ਇੱਕ ਫੌਜ ਹੈ। ਇਸ ਲਈ ਸਿਰਫ਼ ਉਨ੍ਹਾਂ ਨੂੰ ਹੀ ਪਹਿਲਾਂ ਵਿਚਾਰਿਆ ਜਾਵੇਗਾ। ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਜਲੰਧਰ ਵਿੱਚ ਵੱਡਾ ਝੱਟਕਾ ਲਗਿਆ ਹੈ। ਭਾਜਪਾ ਦੇ ਸੀਨੀਅਰ ਆਗੁ ਅਜੈ ਚੋਪੜਾ ਆਪਣੀ ਪੁਰਾਣੀ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਦੇ ਸੁਬਾ ਪ੍ਰਧਾਨ ਅਮਨ ਅਰੋੜਾ ਨੇ ਚੋਪੜਾ ਨੂੰ ਪਾਰਟੀ ‘ਚ ਸ਼ਾਮਿਲ ਕਰਾਇਆ ਅਤੇ ਸਵਾਗਤ ਕੀਤਾ।






