ਅੰਮ੍ਰਿਤਸਰ, 16 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ) ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੀ ਰਹਿਨੁਮਾਈ ਹੇਠ ਨਗਰ ਨਿਗਮ ਅੰਮ੍ਰਿਤਸਰ ਦੇ ਐਸਟੇਟ ਵਿੰਗ ਵੱਲੋਂ ਅੱਜ ਲਾਰੈਂਸ ਰੋਡ ਸਥਿਤ ਬਿਜਲੀ ਪਹਿਲਵਾਨ ਮੰਦਰ ਦੇ ਬਾਹਰ ਵਿਸ਼ੇਸ਼ ਐਂਟੀ-ਇੰਕਰੋਚਮੈਂਟ ਮੁਹਿੰਮ ਚਲਾ ਕੇ ਸੜਕ ਅਤੇ ਫੁੱਟਪਾਥ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ। ਇਹ ਕਾਰਵਾਈ ਸਕੱਤਰ-ਕਮ-ਐਸਟੇਟ ਅਫਸਰ ਸੁਸ਼ਾਂਤ ਭਾਟੀਆ ਅਤੇ ਐਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਨਗਰ ਨਿਗਮ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੰਦਰ ਦੇ ਬਾਹਰ ਸੜਕ ਅਤੇ ਫੁੱਟਪਾਥ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਪੈਦਲ ਚੱਲਣ ਵਾਲੇ ਲੋਕਾਂ, ਸ਼ਰਧਾਲੂਆਂ, ਬਜ਼ੁਰਗਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਨਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਕੋਲ ਕਾਰਵਾਈ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ। ਮੁਹਿੰਮ ਦੌਰਾਨ ਸੜਕ ਅਤੇ ਫੁੱਟਪਾਥ ਤੋਂ ਸਾਰੇ ਨਾਜਾਇਜ਼ ਕਬਜ਼ੇ ਹਟਾ ਕੇ ਲੋਕਾਂ ਲਈ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਮੁੜ ਕਬਜ਼ੇ ਕੀਤੇ ਗਏ, ਜਿਸ ਕਾਰਨ ਇਹ ਕਾਰਵਾਈ ਕਰਨੀ ਲਾਜ਼ਮੀ ਹੋ ਗਈ। ਨਗਰ ਨਿਗਮ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਵਿੱਚ ਦੁਬਾਰਾ ਸਰਕਾਰੀ ਜ਼ਮੀਨ, ਸੜਕ ਜਾਂ ਫੁੱਟਪਾਥ ’ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਤਾਂ ਤੁਰੰਤ ਹਟਾਇਆ ਜਾਵੇਗਾ ਅਤੇ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਹ ਮੁਹਿੰਮ ਇੰਸਪੈਕਟਰ ਪ੍ਰੀਤੀ ਚੌਹਾਨ ਅਤੇ ਇੰਸਪੈਕਟਰ ਅਮਨ ਕੁਮਾਰ ਸਮੇਤ ਐਸਟੇਟ ਵਿੰਗ ਦੀ ਟੀਮ ਵੱਲੋਂ ਸਫਲਤਾਪੂਰਵਕ ਚਲਾਈ ਗਈ। ਨਗਰ ਨਿਗਮ ਅੰਮ੍ਰਿਤਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਸਰਕਾਰੀ ਥਾਂ ’ਤੇ ਨਾਜਾਇਜ਼ ਕਬਜ਼ਾ ਕੀਤਾ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਨਗਰ ਨਿਗਮ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।






