ਜਲੰਧਰ 3 ਅਪ੍ਰੈਲ (ਅਮ੍ਰਿੰਤਪਾਲ ਸਿੰਘ): ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਲਗਾਏ ਗਏ ਦੋਸ਼ਾਂ ਬਾਰੇ ਕੁੱਝ ਕਹਿਣ ਤੋਂ ਇਨਕਾਰ ਕੀਤਾ। ਉਹ ਅੱਜ ਸ਼ਾਮ ਏਪੀਜੇ ਕਾਲਜ ਆਫ਼ ਫਾਈਨ ਆਰਟਸ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਇੱਥੇ ਆਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਕੇਸ ਲੜਨ ਦਾ ਪੂਰਾ ਹੱਕ ਹੈ ਅਤੇ ਉਹ ਇਸ ਨੂੰ ਲੜ ਰਹੇ ਹਨ, ਪਰ ਪੁਸ਼ਪਿੰਦਰ ਬਾਠ ਦੀ ਪਤਨੀ ਅਤੇ ਮੁੱਖ ਮੰਤਰੀ ਵਿਚਕਾਰ ਉਨ੍ਹਾਂ ਦੀ ਮੀਟਿੰਗ ਵਿੱਚ ਕੀ ਹੋਇਆ, ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ।ਉਨ੍ਹਾਂ ਕਿਹਾ ਕਿ ਕਰਨਲ ਬਾਠ ਦਾ ਪਰਿਵਾਰ ਸੀਬੀਆਈ ਜਾਂਚ, ਪੁਲੀਸ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਐੱਸਐੱਸਪੀ ਨਾਨਕ ਸਿੰਘ ਦੇ ਤਬਾਦਲੇ ਦੀ ਮੰਗ ਕਰ ਰਿਹਾ ਹੈ। ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਨੇ 10 ਦਿਨ ਪਹਿਲਾਂ ਇਸ ਮੁੱਦੇ ‘ਤੇ ਰਾਜਪਾਲ ਕਟਾਰੀਆ ਨਾਲ ਵੀ ਮੁਲਾਕਾਤ ਕੀਤੀ ਸੀ।







