ਮੋਹਾਲੀ, 11 ਅਗਸਤ (ਜਗਦੇਵ ਸਿੰਘ ) – ਮਾਜਰੀ ਬਲਾਕ ਅਧੀਨ ਤਿੰਨ ਪਿੰਡਾਂ ਦੀ ਜ਼ਮੀਨ ‘ਚ ਗਰੀਨ ਜ਼ੋਨ ਬਣਾਉਣ ਖਿਲਾਫ਼ ਇਲਾਕੇ ਦੇ ਕਿਸਾਨਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮਿਲਿਆ। ਇਸ ਸਬੰਧੀ ਜਸਪਾਲ ਸਿੰਘ ਲੱਕੀ ਤੇ ਰਵਿੰਦਰ ਸਿੰਘ ਬਜੀਦਪੁਰ ਨੇ ਦੱਸਿਆ ਕਿ ਪਿੰਡ ਬਜੀਦਪੁਰ, ਸਿਆਮੀਪੁਰ ਤੇ ਮਲਕਪੁਰ ਦੀ ਇੱਕ ਸੈਂਕੜਾ ਦੇ ਕਰੀਬ ਜ਼ਮੀਨ ਨੂੰ ਗਰੀਨ ਜ਼ੋਨ ਅਧੀਨ ਲਿਆਂਦਾ ਜਾ ਰਿਹਾ ਹੈ। ਜਿਸ ਦੇ ਵਿਰੋਧ ‘ਚ ਗਮਾਡਾ ਕੋਲ ਇਤਰਾਜ਼ ਜਮਾਂ ਕਰਵਾਉਣ ਤੇ ਰੋਡ ਜਾਮ ਕਰਨ ਉਪਰੰਤ ਵੀ ਅਜੇ ਤੱਕ ਕੋਈ ਸੁਣਵਾਈ ਨਾ ਹੋਣ ਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਤੇ ਰੇਸ਼ਮ ਸਿੰਘ ਦੀ ਅਗਵਾਈ ‘ਚ ਸਬੰਧਿਤ ਪਿੰਡਾਂ ਦੇ ਕਿਸਾਨਾਂ ਦੇ ਵਫ਼ਦ ਨੇ ਵਕੀਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਸਾਰੇ ਮਸਲੇ ਤੋਂ ਜਾਣੂ ਕਰਵਾਉਦਿਆਂ ਦੱਸਿਆ ਕਿ ਇੱਥੋਂ ਦੇ ਕਿਸਾਨਾਂ ਕੋਲ ਬਹੁਤ ਘੱਟ ਜ਼ਮੀਨ ਹੈ ਪਰ ਇਸ ਜ਼ੋਨ ਨਾਲ ਓਹ ਆਪਣੇ ਪਰਿਵਾਰਿਕ ਕਾਰੋਬਾਰਾਂ ਲਈ ਜ਼ਮੀਨ ਦਾ ਕੁਝ ਟੁੱਕੜਾ ਵੀ ਨਹੀਂ ਵੇਚ ਸਕਦੇ ਤੇ ਦੂਜਾ ਇਹ ਪਿੰਡ ਨਿਊ ਚੰਡੀਗੜ੍ਹ ਖੇਤਰ ਅਧੀਨ ਤੇ ਇਹ ਜ਼ਮੀਨ ਵੀ ਵਸੋਂ ਤੇ ਹਾਈਵੇਅ ਨੇੜੇ ਹੈ, ਜਦਕਿ ਇਹ ਜ਼ੋਨ ਸ਼ਾਮਲਾਤੀ ਜ਼ਮੀਨ ‘ਚ ਵੀ ਬਣਾਇਆ ਜਾ ਸਕਦਾ ਹੈ। ਇਸ ਲਈ ਕਿਸਾਨਾਂ ਦੀ ਸਹਿਮਤੀ ਤੋਂ ਬਿਨ੍ਹਾਂ ਬਣਾਏ ਇਸ ਜ਼ੋਨ ਨੂੰ ਇੱਥੋਂ ਬਦਲਿਆ ਜਾਵੇ ਨਹੀਂ ਓਹ ਕਿਸਾਨ ਜਥੇਬੰਦੀਆਂ ਸਮੇਤ ਸਖ਼ਤ ਸੰਘਰਸ਼ ਆਰੰਭਣਗੇ। ਡਿਪਟੀ ਕਮਿਸ਼ਨਰ ਨੇ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਓਹ ਜਲਦੀ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗਾਂ ਉਪਰੰਤ ਜ਼ਰੂਰ ਕਿਸਾਨਾਂ ਦੀ ਇਸ ਮੰਗ ਦਾ ਸਥਾਈ ਹੱਲ ਕੱਢਣਗੇ।