ਨਵਾਂਸ਼ਹਿਰ , 21 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ): ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ (ਤਹਿਸੀਲ ਸ੍ਰੀ ਅਨੰਦਪੁਰ ਸਾਹਿਬ) ਦੀ ਰਹਿਣ ਵਾਲੀ ਗੁਰਵਿੰਦਰ ਕੌਰ ਪਤਨੀ ਹਰਬੰਸ ਸਿੰਘ, ਜੋ ਕਿ ਦਿਲ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ, ਦੇ ਇਲਾਜ ਲਈ ‘ਗੁੱਜਰ ਵੈੱਲਫੇਅਰ ਬਲਾਚੌਰ ਅਤੇ ਰੋਪੜ੍ਹ ’ ਵੱਲੋਂ ਮਾਨਵਤਾ ਭਰਿਆ ਕਦਮ ਚੁੱਕਦਿਆਂ 1 ਲੱਖ ਰੁਪਏ ਦੀ ਨਕਦ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਡਾਕਟਰਾਂ ਅਨੁਸਾਰ ਮਰੀਜ਼ ਦੇ ਦਿਲ ਵਿੱਚ ਝਟਕਾ ਦੇਣ ਵਾਲੀ ਮਸ਼ੀਨ (ਸਪੈਸ਼ਲ ਹਾਰਟ ਡਿਵਾਈਸ) ਲਗਾਈ ਜਾਣੀ ਹੈ, ਜਿਸ ਲਈ ਪੀ.ਜੀ.ਆਈ. ਵੱਲੋਂ ਕਰੀਬ 4.47 ਲੱਖ ਰੁਪਏ ਦਾ ਖਰਚਾ ਦੱਸਿਆ ਗਿਆ ਹੈ।ਪੀੜਤ ਪਰਿਵਾਰ ਪਹਿਲਾਂ ਹੀ ਘਰ ਵਿੱਚ ਲਗਾਤਾਰ ਚੱਲ ਰਹੀਆਂ ਬਿਮਾਰੀਆਂ ਕਾਰਨ ਆਪਣੀ ਜ਼ਮੀਨ-ਜਾਇਦਾਦ ਅਤੇ ਹੋਰ ਸਾਧਨ ਵੇਚ ਚੁੱਕਾ ਹੈ ਅਤੇ ਮੌਜੂਦਾ ਸਮੇਂ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਮਜਬੂਰ ਹੈ। ਪਰਿਵਾਰ ਦੀ ਅਜਿਹੀ ਤਰਸਯੋਗ ਅਤੇ ਆਰਥਿਕ ਮੰਦਹਾਲੀ ਨੂੰ ਦੇਖਦਿਆਂ ਗੁੱਜਰ ਵੈਲਫੇਅਰ ਬਲਾਚੌਰ ਅਤੇ ਰੋਪੜ ਦੇ ਮੈਂਬਰਾਂ ਨੇ ਤੁਰੰਤ ਅੱਗੇ ਆ ਕੇ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕਰਦਿਆਂ ਪਰਿਵਾਰ ਦੀ ਬਾਂਹ ਫੜੀ। ਇਸ ਮੌਕੇ ਸੰਸਥਾ ਦੇ ਆਗੂਆਂ ਨੇ ਆਖਿਆ ਕਿ ਦੁੱਖ ਦੀ ਘੜੀ ਵਿੱਚ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਗੁੱਜਰ ਵੈਲਫੇਅਰ ਗਰੁੱਪ ਭਵਿੱਖ ਵਿੱਚ ਵੀ ਅਜਿਹੇ ਨੇਕ ਕਾਰਜਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹੇਗਾ।ਇਸ ਨੇਕ ਕਾਰਜ ਮੌਕੇ ਰਾਮ ਕਿਸ਼ਨ ਚੌਹਾਨ, ਮੋਹਨ ਲਾਲ ਠੇਕੇਦਾਰ, ਸਤਨਾਮ (ਬਿੱਲਾ), ਮਨੀਸ਼ ਕਸਾਨਾ, ਰਵਿੰਦਰ ਬਾਂਠ, ਹੰਸਰਾਜ, ਰਾਜ ਕੁਮਾਰ ਸਰਪੰਚ, ਲਖਵਿੰਦਰ (ਲੱਕੀ), ਹਰਵਿੰਦਰ ਕੋਹਲੀ, ਸੇਠੀ ਮਾਹੀਪੁਰ, ਪ੍ਰਿੰਸ ਕੋਹਲੀ, ਹਨੀ (ਚੇਅਰਮੈਨ), ਪਰਮਜੀਤ (ਸੋਨੂੰ), ਚਰਨਜੀਤ ਸਿੰਘ (ਬਿੱਟੂ), ਭੁਪਿੰਦਰ ਫ਼ੌਜੀ, ਕੈਪਟਨ ਅਸ਼ਵਨੀ ਬਜ਼ਾੜ੍ਹ, ਹਨੀ ਮੰਡ (ਜਲੰਧਰ), ਬਲਵੀਰ ਚੌਧਰੀ, ਰਾਕੇਸ਼ ਚੌਧਰੀ ਅਤੇ ਬਾਲ ਕਿਸ਼ਨ (ਰੈਲਮਾਜਰਾ) ਸਮੇਤ ਗੁੱਜਰ ਵੈੱਲਫੇਅਰ ਬਲਾਚੌਰ ਅਤੇ ਰੋਪੜ੍ਹ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਪੀੜਤ ਪਰਿਵਾਰ ਨੇ ਇਸ ਮੁਸ਼ਕਲ ਘੜੀ ਵਿੱਚ ਸਹਿਯੋਗ ਦੇਣ ਲਈ ਸਮੂਹ ਗੁੱਜਰ ਵੈੱਲਫੇਅਰ ਟੀਮ ਅਤੇ ਸਮਾਜ ਸੇਵੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜੇਕਰ ਕੋਈ ਹੋਰ ਦਾਨੀ ਸੱਜਣ ਜਾਂ ਸੰਸਥਾ ਇਸ ਪਰਿਵਾਰ ਦੇ ਬਾਕੀ ਇਲਾਜ ਲਈ ਮਦਦ ਕਰਨਾ ਚਾਹੁੰਦੀ ਹੈ, ਤਾਂ ਉਹ ਸੰਪਰਕ ਨੰਬਰਾਂ 94171-52671, 94145-05796 ਜਾਂ 90594-77000 ‘ਤੇ ਸੰਪਰਕ ਕਰ ਸਕਦੀ ਹੈ।