ਪੱਟੀ ਸਦੀਕ, 23 ਅਗਸਤ (ਪੱਤਰ ਪ੍ਰੇਰਕ)- ਸੰਤ ਬਾਬਾ ਹਰਿਦਾਸ ਜੀ ਦੇ ਪਾਵਨ ਭੰਡਾਰੇ ਦੇ ਅਵਸਰ ’ਤੇ ਗ੍ਰਾਮ ਪੰਚਾਇਤ ਸ਼ੇਰੇਵਾਲਾ ਵੱਲੋਂ ਪੰਚਾਇਤ (ਪੈਲੇਸ ਘਰ) ਸ਼ੇਰੇਵਾਲਾ ਵਿਖੇ ਇੱਕ ਵਿਸ਼ਾਲ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਮੁੱਚੇ ਸੇਵਾ ਕਾਰਜ ਦੀ ਅਗਵਾਈ ਗ੍ਰਾਮ ਪੰਚਾਇਤ ਸ਼ੇਰੇਵਾਲਾ ਦੇ ਸਰਪੰਚ ਵ ਨੰਬਰਦਾਰ ਗੌਤਮ ਮੇਘਵਾਲ ਵੱਲੋਂ ਬਾਖ਼ੂਬੀ ਨਿਭਾਈ ਗਈ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪਹੁੰਚੇ ਸੈਂਕੜੇ ਮਰੀਜ਼ਾਂ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਨਿਸ਼ੁਲਕ ਦਵਾਈਆਂ ਤੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਹਲਕੇ ਦੇ ਵੱਖ-ਵੱਖ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸਰਪੰਚ ਗੌਤਮ ਮੇਘਵਾਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਯੋਜਕਾਂ ਦਾ ਹੌਸਲਾ ਵਧਾਇਆ। ਕੈਂਪ ਵਿੱਚ ਪਹੁੰਚਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਚੇਅਰਮੈਨ ਸਾਹਿਬ, ਜ਼ਿਲ੍ਹਾ ਪਰਿਸ਼ਦ ਮੈਂਬਰ, ਜ਼ਿਲ੍ਹਾ ਪ੍ਰਧਾਨ ਸਾਹਿਬ, ਕਿਸਾਨ ਯੂਨੀਅਨ ਦੇ ਆਗੂ, ਸਮੂਹ ਸਰਪੰਚ ਸਾਹਿਬਾਨ, ਪੰਚ ਸਾਹਿਬਾਨ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਸ਼ਾਮਲ ਸਨ। ਕੈਂਪ ਦੀ ਸਫ਼ਲਤਾ ਮਗਰੋਂ ਸਰਪੰਚ ਗੌਤਮ ਮੇਘਵਾਲ ਵੱਲੋਂ ਸਿਹਤ ਵਿਭਾਗ ਦੀ ਟੀਮ, ਸਹਿਯੋਗ ਕਰਨ ਵਾਲੇ ਸਮੂਹ ਪੰਚਾਇਤ ਮੈਂਬਰਾਂ, ਸੱਜਣਾਂ ਅਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰੂ ਮਹਾਰਾਜ ਅਤੇ ਸੰਤ ਬਾਬਾ ਹਰਿਦਾਸ ਜੀ ਦੇ ਚਰਨਾਂ ਵਿੱਚ ਸਮੂਹ ਸੰਗਤ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।