ਕਪੂਰਥਲਾ, 20 ਜੁਲਾਈ ( ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸੀ ਬੀ ਐਸ ਈ ਵਾਲੀਬਾਲ ਕਲਸਟਰ 18, ਅੰਡਰ 19, ਅੰਡਰ 17 ਅਤੇ ਅੰਡਰ 14 ਲੜਕੀਆਂ ਦੀ ਪ੍ਰਤਿਯੋਗਤਾ ਦਾ ਆਯੋਜਨ 23 ਜੁਲਾਈ ਤੋਂ 26 ਜੁਲਾਈ ਤੱਕ ਕੀਤਾ ਜਾ ਰਿਹਾ ਹੈ|ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਇੰਜ. ਹਰਨਿਆਮਤ ਕੌਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਰਈਆ, ਜੰਮੂ, ਟਾਂਡਾ, ਗੁਰਦਾਸਪੁਰ, ਤਰਨ ਤਾਰਨ, ਫਗਵਾੜਾ ਆਦਿ ਤੋਂ ਟੀਮਾਂ ਆ ਰਹੀਆਂ ਹਨ | ਉਨਾਂ ਦੱਸਿਆ ਕਿ ਖਿਡਾਰੀਆਂ ਲਈ ਲੋਂੜੀਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿਖੜਵਾਂ ਅੰਗ ਹਨ, ਖੇਡਾਂ ਜਿੱਥੇ ਵਿਦਿਆਰਥੀਆਂ ਨੂੰ ਸਰੀਰਕ ਪੱਖੋਂ ਮਜਬੂਤ ਬਣਾਉਂਦੀਆਂ ਹਨ, ਉਥੇ ਉਹਨਾਂ ਵਿੱਚ ਆਤਮ ਵਿਸ਼ਵਾਸ ਵੀ ਪੈਦਾ ਕਰਦੀਆਂ ਹਨ| ਉਹਨਾਂ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਕਿਹਾ ਕਿ ਹਰ ਇੱਕ ਖਿਡਾਰੀ ਨੂੰ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਇਸ ਪ੍ਰਤਿਯੋਗਿਤਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ l






