ਫ਼ਿਰੋਜ਼ਪੁਰ 12 ਜੁਲਾਈ (ਅਸ਼ੋਕ ਭਾਰਦਵਾਜ ਕੀ ਤੁਸੀਂ ਕਦੇ ਫ਼ਿਰੋਜ਼ਪੁਰ ਦੇ ਸਰਕਾਰੀ ਦਫ਼ਤਰਾਂ ਵਿੱਚ ਆਪਣਾ ਕੋਈ ਕੰਮ ਕਰਵਾਉਣ ਗਏ ਹੋ? ਜੇ ਗਏ ਹੋ, ਤਾਂ ਤੁਸੀਂ ਸਿਸਟਮ ਦੇ ਅੰਦਰ ਚੱਲ ਰਹੀ ਇੱਕ ਅਜੀਬ ਅਤੇ ਖ਼ਤਰਨਾਕ ਖੇਡ ਜ਼ਰੂਰ ਦੇਖੀ ਹੋਵੇਗੀ। ਕੁਰਸੀ ਸਰਕਾਰੀ ਹੈ, ਮੇਜ਼ ‘ਤੇ ਪਿਆ ਰਿਕਾਰਡ ਸਰਕਾਰੀ ਹੈ, ਪਰ ਉਸ ਕੁਰਸੀ ’ਤੇ ਬੈਠਾ ਬੰਦਾ ਨਾ ਤਾਂ ਸਰਕਾਰੀ ਮੁਲਾਜ਼ਮ ਹੈ ਅਤੇ ਨਾ ਹੀ ਕਾਨੂੰਨ ਪ੍ਰਤੀ ਉਸਦੀ ਕੋਈ ਜਵਾਬਦੇਹੀ ਹੈ। ਨਗਰ ਕੌਂਸਲ ਫ਼ਿਰੋਜ਼ਪੁਰ,ਤਹਿਸੀਲ ਦਫਤਰ ਫਿਰੋਜ਼ਪੁਰ ਤੋ ਇਲਾਵਾ ਜਿਲਾ ਫਿਰੋਜ਼ਪੁਰ ਦੇ ਕਈ ਮੁੱਖ ਸਰਕਾਰੀ ਦਫ਼ਤਰਾਂ ਵਿੱਚ ਅੱਜ-ਕੱਲ੍ਹ ਇਹ ਰੁਝਾਨ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚੁਣੌਤੀ ਅਤੇ ਆਮ ਲੋਕਾਂ ਲਈ ਮਾਨਸਿਕ ਖ਼ੱਜਲ-ਖ਼ੁਆਰੀ ਦਾ ਸਬੱਬ ਬਣ ਚੁੱਕਾ ਹੈ। ਸਭ ਤੋਂ ਗੰਭੀਰ ਮੁੱਦਾ ਜਨਤਾ ਦੀ ਨਿੱਜੀ ਜਾਣਕਾਰੀ ਅਤੇ ਸੁਰੱਖਿਆ ਦਾ ਹੈ। ਜਿਹੜੇ ਸਰਕਾਰੀ ਰਿਕਾਰਡ ਵਿੱਚ ਲੋਕਾਂ ਦੀ ਜ਼ਮੀਨ-ਜਾਇਦਾਦ ਦੇ ਕਾਗਜ਼ਾਤ, ਗੁਪਤ ਦਸਤਾਵੇਜ਼ ਅਤੇ ਨਿੱਜੀ ਵੇਰਵੇ ਹੁੰਦੇ ਹਨ, ਉਹ ਇਨ੍ਹਾਂ ਗ਼ੈਰ-ਅਧਿਕਾਰਤ (ਆਊਟਸੋਰਸ/ਪ੍ਰਾਈਵੇਟ) ਹੱਥਾਂ ਵਿੱਚ ਕਿਵੇਂ ਸੁਰੱਖਿਅਤ ਹਨ? ਜੇਕਰ ਕੱਲ੍ਹ ਨੂੰ ਕੋਈ ਅਹਿਮ ਰਿਕਾਰਡ ਗਾਇਬ ਹੁੰਦਾ ਹੈ ਜਾਂ ਉਸ ਵਿੱਚ ਕੋਈ ਹੇਰਾਫੇਰੀ ਹੁੰਦੀ ਹੈ, ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ? ਕੀ ਕੋਈ ਪ੍ਰਾਈਵੇਟ ਕਰਿੰਦਾ ਸਰਕਾਰੀ ਸਰਵਿਸ ਰੂਲਜ਼ ਜਾਂ ਕਾਨੂੰਨ ਦੇ ਦਾਇਰੇ ਵਿੱਚ ਆਵੇਗਾ? ਬਿਲਕੁਲ ਨਹੀਂ। ਇਸ ਸਿਸਟਮ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇਹ ਆਊਟਸੋਰਸ ਜਾਂ ਠੇਕੇ ‘ਤੇ ਰੱਖੇ ਬੰਦੇ ਦਫ਼ਤਰਾਂ ਵਿੱਚ ਆਮ ਲੋਕਾਂ ਨਾਲ ਅਜਿਹਾ ਰੁੱਖਾ ਵਿਵਹਾਰ ਕਰਦੇ ਹਨ, ਜਿਵੇਂ ਪੂਰਾ ਮਹਿਕਮਾ ਇਨ੍ਹਾਂ ਦੇ ਇਸ਼ਾਰੇ ‘ਤੇ ਚੱਲਦਾ ਹੋਵੇ।ਦੂਰ-ਦੁਰਾਡਿਓਂ ਆਏ ਗ਼ਰੀਬ ਅਤੇ ਮਜ਼ਬੂਰ ਲੋਕਾਂ ਨੂੰ ਟਿੱਚ ਸਮਝਣਾ ਅਤੇ ਆਪਣੇ ਆਪ ਨੂੰ ‘ਵੱਡੇ ਸਾਹਿਬ’ ਸਾਬਤ ਕਰਨਾ ਇਨ੍ਹਾਂ ਦੀ ਆਦਤ ਬਣ ਚੁੱਕਾ ਹੈ।ਆਮ ਨਾਗਰਿਕ ਨੂੰ ਗੱਲ-ਗੱਲ ‘ਤੇ ਝਿੜਕਣਾ, ਕੰਮ ਨੂੰ ਜਾਣਬੁੱਝ ਕੇ ਲਟਕਾਉਣਾ ਅਤੇ ਅਫ਼ਸਰਸ਼ਾਹੀ ਦੀ ਫੋਕੀ ਟੌਹਰ ਦਿਖਾਉਣਾ ਆਮ ਗੱਲ ਹੋ ਗਈ ਹੈ। ਅਸਲ ਅਧਿਕਾਰੀ ਅੰਦਰ ਏਸੀ (AC) ਕਮਰਿਆਂ ਵਿੱਚ ਬੈਠੇ ਰਹਿੰਦੇ ਹਨ ਅਤੇ ਬਾਹਰ ਇਹ ‘ਕੱਚੇ ਮੁਲਾਜ਼ਮ’ ਜਨਤਾ ਦਾ ਖ਼ੂਨ ਚੂਸਦੇ ਹਨ ਅਤੇ ਭ੍ਰਿਸ਼ਟਾਚਾਰ ਦੇ ਨਵੇਂ ਰਾਹ ਖੋਲ੍ਹਦੇ ਹਨ। ਕੀ ਪੱਕੇ ਸਰਕਾਰੀ ਮੁਲਾਜ਼ਮਾਂ ਦੀ ਇੰਨੀ ਕਮੀ ਹੈ ਕਿ ਮਹੱਤਵਪੂਰਨ ਅਤੇ ਪਬਲਿਕ ਡੀਲਿੰਗ ਵਾਲੀਆਂ ਮੁੱਖ ਸੀਟਾਂ ‘ਤੇ ਪ੍ਰਾਈਵੇਟ ਬੰਦਿਆਂ ਨੂੰ ਬਿਠਾਉਣਾ ਪੈ ਰਿਹਾ ਹੈ। ਜੇ ਇਹ ਬੰਦੇ ਰਿਸ਼ਵਤਖੋਰੀ ਕਰਦੇ ਹਨ ਜਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ, ਤਾਂ ਇਨ੍ਹਾਂ ‘ਤੇ ਵਿਜੀਲੈਂਸ ਜਾਂ ਕੋਈ ਸਖ਼ਤ ਵਿਭਾਗੀ ਕਾਰਵਾਈ ਕਿਉਂ ਨਹੀਂ ਹੁੰਦੀ? ਇਨ੍ਹਾਂ ਨੂੰ ਕਿਸਦੀ ਪੁਸ਼ਤਪਨਾਹੀ ਹਾਸਲ ਹੈ। ਜਨਤਾ ਦੇ ਟੈਕਸ ਦੇ ਪੈਸੇ ਨਾਲ ਚੱਲਣ ਵਾਲੇ ਸਰਕਾਰੀ ਦਫ਼ਤਰਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰਿੰਦਿਆਂ ਦੇ ਰਹਿਮੋ-ਕਰਮ ‘ਤੇ ਕਿਉਂ ਛੱਡ ਦਿੱਤਾ ਗਿਆ ਹੈ। ਹੁਣ ਚੁੱਪ ਰਹਿਣ ਜਾਂ ਅੱਖਾਂ ਮੀਟਣ ਦਾ ਸਮਾਂ ਨਹੀਂ ਹੈ। ਜੇਕਰ ਫ਼ਿਰੋਜ਼ਪੁਰ ਦੇ ਸਰਕਾਰੀ ਸਿਸਟਮ ਨੂੰ ਘੁਣ ਵਾਂਗ ਖਾ ਰਹੇ ਇਸ ਰੁਝਾਨ ਨੂੰ ਨਾ ਰੋਕਿਆ ਗਿਆ, ਤਾਂ ਆਮ ਲੋਕਾਂ ਦਾ ਸਰਕਾਰੀ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਜਾਵੇਗਾ। ਇਨ੍ਹਾਂ ਲੁਕਵੇਂ ‘ਅਫ਼ਸਰਾਂ’ ਦੀ ਮਨਮਾਨੀ ਨੂੰ ਨੱਥ ਪਾਉਣੀ ਲਾਜ਼ਮੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਦਫ਼ਤਰਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਸੀਟਾਂ ‘ਤੇ ਸਿਰਫ਼ ਅਧਿਕਾਰਤ ਸਰਕਾਰੀ ਮੁਲਾਜ਼ਮਾਂ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ।
ਕਪੂਰਥਲਾ ਵਿੱਚ ਭਾਜਪਾ ਦੀ ਮਹੱਤਵਪੂਰਨ ਮੀਟਿੰਗ,ਸੰਗਠਨ ਮੰਤਰੀ ਨੇ ਕੀਤੀ ਸ਼ਿਰਕਤ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਬੂਥ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ-ਸ਼੍ਰੀ ਨਿਵਾਸੁਲੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਵਰਕਰਾਂ ਨੂੰ ਸੇਵਾ,ਸੁਸ਼ਾਸਨ ਅਤੇ ਵਿਕਾਸ ਦਾ ਪ੍ਰਣ ਹਰ ਘਰ ਤੱਕ ਲੈ ਕੇ ਜਾਣਾ ਚਾਹੀਦਾ ਹੈ-ਖੋਜੇਵਾਲ
Spread the love ਕਪੂਰਥਲਾ, 12 ਜੁਲਾਈ ( ਕੌੜਾ )- ਵਿਰਾਸਤੀ ਸ਼ਹਿਰ ਦੇ ਪਿੰਡ ਖੋਜੇਵਾਲ ਵਿਖੇ ਭਾਜਪਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮੀਟਿੰਗ।ਇਸ…






