ਨੂਰਪੁਰਬੇਦੀ: ਦਲਜੀਤ ਚਨੌਲੀ = ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਨੂਰਪੁਰਬੇਦੀ ਖੇਤਰ ਦੇ ਕਿਸਾਨਾਂ ਲਈ 650 ਕਰੋੜ ਰੁਪਏ ਦਾ ਸਿੰਚਾਈ ਪ੍ਰੋਜੈਕਟ ਨੂਰਪੁਰਬੇਦੀ ਦੇ ਇਤਿਹਾਸ ਦਾ ਸੁਨਹਿਰੀ ਅਧਿਆਏ ਸਾਬਤ ਹੋਵੇਗਾ ਇਸ ਮਹੱਤਵਾਕਾਂਕਾਂਸ਼ੀ ਯੋਜਨਾ ਤਹਿਤ ਬਲਾਕ ਨੂਰਪੁਰਬੇਦੀ ਦੇ 102 ਪਿੰਡਾਂ ਤੱਕ ਸਤਲੁਜ ਦਰਿਆ ਦਾ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ, ਜਿਸ ਨਾਲ ਹਜ਼ਾਰਾਂ ਕਿਸਾਨਾਂ ਨੂੰ ਸਿੰਚਾਈ ਲਈ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਆਉਣ ਵਾਲੇ ਸਮੇਂ ਵਿੱਚ ਨੂਰਪੁਰਬੇਦੀ ਦੇ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਪਿੰਡ ਛੱਜਾ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਲਾਂ ਤੋਂ ਇਸ ਇਲਾਕੇ ਦੇ ਕਿਸਾਨ ਸਿੰਚਾਈ ਲਈ ਪਾਣੀ ਦੀ ਕਮੀ ਨਾਲ ਜੂਝ ਰਹੇ ਸਨ। ਸਤਲੁਜ ਦਰਿਆ ਨੇੜੇ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲਦਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਲੋੜ ਨੂੰ ਸਮਝਦਿਆਂ ਇਸ ਵੱਡੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਹੁਣ ਹਰ ਪੜਾਅ ਵਿੱਚ ਕਿਸਾਨਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹੱਤਵਾਕਾਂਕਸ਼ੀ ਸਿੰਚਾਈ ਪ੍ਰੋਜੈਕਟ ਨੂੰ ਨੂਰਪੁਰਬੇਦੀ ਤੱਕ ਲਿਆਉਣ ਵਿੱਚ ਉਨ੍ਹਾਂ ਦੀ ਸਖ਼ਤ ਮਿਹਨਤ, ਕੁਸ਼ਲ ਪੈਰਵਾਈ ਅਤੇ ਜ਼ਮੀਨੀ ਪੱਧਰ ‘ਤੇ ਲਗਾਤਾਰ ਕੀਤੇ ਗਏ ਯਤਨਾਂ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦਿਨੇਸ਼ ਚੱਢਾ ਨੇ ਕਿਸਾਨਾਂ ਦੀ ਇਸ ਚਿਰੋਕਣੀ ਮੰਗ ਨੂੰ ਸਰਕਾਰ ਦੇ ਧਿਆਨ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਗਾਤਾਰ ਉਠਾਇਆ ਅਤੇ ਹਰ ਪੱਧਰ ‘ਤੇ ਇਸ ਦੀ ਮਜ਼ਬੂਤ ਪੈਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਪੰਜਾਬ ਸਰਕਾਰ ਕੋਲੋਂ 650 ਕਰੋੜ ਰੁਪਏ ਦਾ ਇਹ ਵੱਡਾ ਪ੍ਰੋਜੈਕਟ ਮਨਜ਼ੂਰ ਕਰਵਾਉਣ ਵਿੱਚ ਉਹ ਕਾਮਯਾਬ ਰਹੇ। ਮੰਤਰੀ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਮੁੱਦਿਆਂ ਪ੍ਰਤੀ ਵਿਧਾਇਕ ਚੱਢਾ ਦੀ ਵਚਨਬੱਧਤਾ, ਦੂਰਅੰਦੇਸ਼ੀ ਅਤੇ ਨਿਰੰਤਰ ਮਿਹਨਤ ਹੀ ਇਸ ਇਤਿਹਾਸਕ ਯੋਜਨਾ ਨੂੰ ਹਕੀਕਤ ਦਾ ਰੂਪ ਦੇਣ ਦਾ ਮੁੱਖ ਕਾਰਨ ਬਣੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਵਿਧਾਇਕ ਚੱਢਾ ਦੀ ਸਰਗਰਮ ਅਗਵਾਈ ਸਦਕਾ ਇਸ ਪ੍ਰੋਜੈਕਟ ਦੇ ਬਾਕੀ ਪੜਾਅ ਵੀ ਸਮੇਂ ਸਿਰ ਮੁਕੰਮਲ ਹੋਣਗੇ ਅਤੇ ਬਲਾਕ ਦੇ ਸਾਰੇ 102 ਪਿੰਡਾਂ ਤੱਕ ਨਹਿਰੀ ਪਾਣੀ ਪਹੁੰਚੇਗਾ।ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਸਿਰਫ਼ ਪਾਣੀ ਪਹੁੰਚਾਉਣਾ ਨਹੀਂ, ਸਗੋਂ ਨੂਰਪੁਰਬੇਦੀ ਦੀ ਖੇਤੀਬਾੜੀ ਦੀ ਦਿਸ਼ਾ ਅਤੇ ਦਸ਼ਾ ਬਦਲਣਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਮਿਲਣ ਨਾਲ ਟਿਊਬਵੈੱਲਾਂ ‘ਤੇ ਨਿਰਭਰਤਾ ਘਟੇਗੀ, ਭੂ-ਜਲ ਦੀ ਸੰਭਾਲ ਹੋਵੇਗੀ, ਖੇਤੀ ਦੀ ਲਾਗਤ ਘਟੇਗੀ ਅਤੇ ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ। ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ ਅਤੇ ਖੇਤੀ ਨੂੰ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਮਹੱਤਵਾਕਾਂਕਸ਼ੀ ਯੋਜਨਾ ਨੂੰ ਪੜਾਅਵਾਰ ਲਾਗੂ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਬਲਾਕ ਦੇ ਸਾਰੇ 102 ਪਿੰਡ ਇਸ ਨਾਲ ਜੋੜੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਵਚਨਬੱਧਤਾ ਹੈ ਕਿ ਨੂਰਪੁਰਬੇਦੀ ਦਾ ਕੋਈ ਵੀ ਕਿਸਾਨ ਸਿੰਚਾਈ ਵਾਲੇ ਪਾਣੀ ਤੋਂ ਵਾਂਝਾ ਨਾ ਰਹੇ।ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਮੁਕੰਮਲ ਹੋਵੇਗਾ ਤਾਂ ਇਹ ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ ਰਹੇਗੀ, ਸਗੋਂ ਨੂਰਪੁਰਬੇਦੀ ਦੇ ਕਿਸਾਨਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆਉਣ ਵਾਲਾ ਇਤਿਹਾਸਕ ਮੀਲ ਪੱਥਰ ਬਣੇਗੀ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਨਾਲ ਯਾਦ ਕਰਨਗੀਆਂ।






