ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਮਨਜੀਤ ਸਿੱਧੂ)- ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸਰਕਲ ਬਧਾਈ ਅਧੀਨ ਪਿੰਡ ਮੁਕਤਸਰ ਦਿਹਾਤੀ ਵਿਖੇ ਮਿਸ਼ਨ ਫਾਰ ਕਾਟਨ ਪ੍ਰੋਡਕਟੀਵਿਟੀ ਤਹਿਤ ਨਰਮੇ-ਕਪਾਹ ਦੀ ਫ਼ਸਲ ਦੀ ਮੁੜ ਸੁਰਜੀਤੀ ਲਈ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਜੋਬਨਦੀਪ ਸਿੰਘ (ਏ.ਡੀ.ਓ.) ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਡਾ. ਹਰਮਨਦੀਪ ਸਿੰਘ (ਏ.ਡੀ.ਓ.) ਨੇ ਨਰਮੇ ਦੀ ਫ਼ਸਲ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਸਹੀ ਪ੍ਰਬੰਧਨ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ, ਜਦਕਿ ਅਮਰਦੀਪ ਕੌਰ (ਬੀ.ਟੀ.ਐੱਮ.) ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣ ਲਈ ਪ੍ਰੇਰਿਤ ਕੀਤਾ। ਡਾ. ਮਨਮੀਤ ਕੌਰ (ਏ.ਡੀ.ਓ. ਮਾਰਕੀਟਿੰਗ) ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ, ਖੇਤੀ ਉਤਪਾਦਾਂ ਦੀ ਵੈਲਿਊ ਐਡੀਸ਼ਨ ਅਤੇ ਖੁਦ ਮੰਡੀਕਰਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸ੍ਰੀਮਤੀ ਨਵਦੀਪ ਕੌਰ (ਏ.ਐੱਸ.ਆਈ.) ਨੇ ਪੀ.ਐੱਮ. ਕਿਸਾਨ ਯੋਜਨਾ ਅਤੇ ਫਾਰਮਰ ਰਜਿਸਟਰੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਿਪਟੀ ਡਾਇਰੈਕਟਰ ਕਪਾਹ ਡਾ. ਚਰਨਜੀਤ ਸਿੰਘ ਨੇ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਵਰਗੇ ਕੀੜਿਆਂ ਤੋਂ ਬਚਾਉਣ ਲਈ ਸਰਵਪੱਖੀ ਕੀਟ ਪ੍ਰਬੰਧਨ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਖੇਤਾਂ ਦੀ ਨਿਯਮਤ ਨਿਗਰਾਨੀ, ਨਦੀਨਾਂ ਦੀ ਸਫ਼ਾਈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵੱਲੋਂ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਹੀ ਵਰਤੋਂ ਕਰਨ ਲਈ ਕਿਹਾ। ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਰਾਜਵਿੰਦਰ ਸਿੰਘ ਨੇ ਮਹਿਕਮੇ ਦੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਬੀਜ, ਖਾਦ ਅਤੇ ਖੇਤੀ ਦਵਾਈਆਂ ਖਰੀਦਣ ਸਮੇਂ ਹਮੇਸ਼ਾ ਪੱਕਾ ਬਿੱਲ ਲੈਣ ਦੀ ਅਪੀਲ ਕੀਤੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ। ਕੈਂਪ ਦੇ ਪ੍ਰਬੰਧ ਸਵਰਨਜੀਤ ਸਿੰਘ (ਏ.ਟੀ.ਐੱਮ.) ਅਤੇ ਦੀਪਇੰਦਰ ਸਿੰਘ (ਫੀਲਡਮੈਨ) ਵੱਲੋਂ ਕੀਤੇ ਗਏ। ਇਸ ਮੌਕੇ ਪਿੰਡ ਬਧਾਈ ਦੇ ਸਰਪੰਚ, ਰੁਪਿੰਦਰ ਸਿੰਘ (ਆਪ) ਅਤੇ ਇਲਾਕੇ ਦੇ ਕਈ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ।






