ਸ੍ਰੀ ਮੁਕਤਸਰ ਸਾਹਿਬ, 17 ਜੁਲਾਈ ()- ਜਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਸਮਾਜ ਵਿਰੋਧੀ ਤੇ ਨਸ਼ਾਂ ਤਸਕਰਾਂ ਦੇ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ, ਇਸੇ ਲੜੀ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਦੀਆਂ ਚਾਰੇ ਸਬ ਡਿਵੀਜ਼ਨਾਂ (ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ) ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਇੱਕੋ ਸਮੇਂ ’ਤੇ ਅਪਰੇਸ਼ਨ ਚਲਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਇਹ ਸਰਚ ’ਚ ਅਪਰੇਸ਼ਨ ਮਨਮੀਤ ਸਿੰਘ ਢਿੱਲੋ ਐਸ.ਪੀ. (ਡੀ), ਨਵੀਨ ਕੁਮਾਰ ਡੀ.ਐਸ.ਪੀ., ਅਵਤਾਰ ਸਿੰਘ ਡੀ.ਐਸ.ਪੀ. (ਗਿੱਦੜਬਾਹਾ), ਇਕਬਾਲ ਸਿੰਘ ਡੀ.ਐਸ.ਪੀ. (ਮਲੋਟ), ਜਸਪਾਲ ਸਿੰਘ ਡੀ.ਐਸ.ਪੀ (ਲੰਬੀ) ਅਤੇ ਥਾਣਾ ਮੁਖੀਆਂ ਸਮੇਤ 330 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਐਸ.ਐਸ.ਪੀ. ਡਾ. ਅਖਿਲ ਚੌਧਰੀ ਆਈ.ਪੀ.ਐਸ. ਨੇ ਦੱਸਿਆ ਕਿ ਕਾਸੋ ਓਪਰੇਸ਼ਨ ਤਹਿਤ ਉਹਨਾਂ ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮੇ ਦਰਜ ਹਨ ਅਤੇ ਕ੍ਰਿਮੀਨਲ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ। ਪੁਲਿਸ ਵੱਲੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਘਰਾਂ, ਟਿਕਾਣਿਆਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਸ਼ੱਕੀ ਵਿਅਕਤੀਆਂ ਦੀ P19S ਐਪ ਰਾਹੀਂ ਅਤੇ ਵਹੀਕਲ਼ਾਂ ਦੀ V181N ਐਪ ਰਾਹੀਂ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮਿਆਂ ਵਿੱਚੋਂ ਜਮਾਨਤ ’ਤੇ ਰਿਹਾਅ ਕੀਤੇ ਗਏ ਵਿਅਕਤੀਆਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਨਾਕਾਬੰਦੀ ਕਰਕੇ ਇਲਾਕਿਆਂ ਨੂੰ ਸੀਲ ਕੀਤਾ ਗਿਆ, ਆਉਣ-ਜਾਣ ਵਾਲੇ ਵਾਹਨ ਅਤੇ ਸ਼ੱਕੀ ਵਿਅਕਤੀਆਂ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵੱਲੋਂ ਸਥਾਨਕ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਧਰਮਸ਼ਾਲਾਵਾਂ ਵਿੱਚ ਠਹਿਰੇ ਵਿਅਕਤੀਆਂ ਦੀ ਪੂਰੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਆਧਾਰ ਕਾਰਡ, ਵੋਟਰ ਕਾਰਡ ਤੇ ਹੋਰ ਸ਼ਨਾਖਤੀ ਦਸਤਾਵੇਜ਼ ਨੂੰ ਚੈੱਕ ਕੀਤਾ ਗਿਆ। ਇਸ ਅਭਿਆਨ ਦੌਰਾਨ 03 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ 100 ਨਸ਼ੀਲੀਆਂ ਗੋਲੀਆਂ, 05 ਗ੍ਰਾਮ ਹੈਰੋਇਨ, 1 ਕਿਲੋ 100 ਗ੍ਰਾਮ ਗਾਂਜਾ ਬ੍ਰਾਮਦ ਕਰਕੇ, ਉਹਨਾਂ ਖਿਲ਼ਾਫ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਜਿੰਨਾਂ ਵਿੱਚ ਅੱਗੇ ਜਾਂਚ ਜਾਰੀ ਹੈ। ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਨਸ਼ਿਆਂ ਵਿਰੁੱਧ ਜੰਗ ਵਿੱਚ ਜਨਤਾ ਦਾ ਸਹਿਯੋਗ ਜ਼ਰੂਰੀ ਹੈ। ਜੇਕਰ ਕਿਸੇ ਕੋਲ ਨਸ਼ਿਆਂ ਜਾਂ ਗੈਰਕਾਨੂੰਨੀ ਗਤੀਵਿਧੀ ਬਾਰੇ ਕੋਈ ਜਾਣਕਾਰੀ ਹੈ, ਤਾਂ ਹੇਠਾਂ ਦਿੱਤੇ ਨੰਬਰਾਂ ’ਤੇ ਸੰਪਰਕ ਕੀਤਾ ਜਾਵੇ।






