ਸ਼੍ਰੀ ਮੁਕਤਸਰ ਸਾਹਿਬ, 17 ਜੁਲਾਈ () – ਜਲਾਲਾਬਾਦ ਰੋਡ ਦੀ ਖਸਤਾ ਹਾਲਤ ਤੋਂ ਭੜਕੇ ਲੋਕਾਂ ਨੇ ਵੀਰਵਾਰ ਨੂੰ ਤੜਕੇ ਨੌ ਬਜੇ ਆਦਰਾਮ ਸਟਰੀਟ ਨੇੜੇ ਰੋਡ ਜਾਮ ਕਰਕੇ ਧਰਨਾ ਲਾ ਦਿੱਤਾ। ਇਹ ਧਰਨਾ ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਮਲਕੀਤ ਸਿੰਘ ਭੁੱਲਰ ਸੋਹਣੇਵਾਲਾ ਦੀ ਅਗਵਾਈ ਹੇਠ ਲਾਇਆ ਗਿਆ। ਜਿਸ ਚ ਵੱਡੀ ਗਿਣਤੀ ਚ ਨੇੜਲੇ ਮੁਹੱਲਿਆਂ ਦੇ ਲੋਕ ਵੀ ਸ਼ਾਮਲ ਹੋਏ। ਇਸ ਦੌਰਾਨ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਸਮੇਤ ਹੋਰ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਦੱਸ ਦਈਏ ਕਿ ਇਸ ਰੋਡ ਦੀ ਹਾਲਤ ਕਈ ਸਾਲਾਂ ਤੋਂ ਬਹੁਤ ਹੀ ਖਸਤਾ ਹੋ ਚੁੱਕੀ ਹੈ ਤੇ ਇਸ ਰੋਡ ਤੇ ਮਾਧੋ ਹਸਪਤਾਲ ਤੋਂ ਲੈ ਕੇ ਦਿੱਲੀ ਹਸਪਤਾਲ ਤੱਕ ਦਾ ਟੋਟਾ ਬਹੁਤ ਹੀ ਖਰਾਬ ਹੋ ਚੁੱਕਾ ਹੈ। ਇਸ ਥਾਂ ਤੇ ਲਗਭਗ 20 ਤੋਂ 25 ਕਾਫੀ ਡੂੰਘੇ ਟੋਏ ਪੈ ਚੁੱਕੇ ਨੇ, ਜਿੱਥੇ ਹੁਣ ਤੱਕ ਅਨੇਕਾਂ ਵਾਰੀ ਹਾਦਸੇ ਹੋ ਚੁੱਕੇ ਨੇ। ਬੀਤੇ ਦਿਨੀਂ ਹੀ ਇੱਥੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਿਹਾ ਇੱਕ ਆਟੋ ਪਲਟ ਗਿਆ ਸੀ। ਜਿਸ ਨਾਲ ਇੱਕ ਵਿਦਿਆਰਥੀ ਨੂੰ ਕਾਫੀ ਸੱਟਾਂ ਵੀ ਆਈਆਂ। ਕਈ ਬਾਰ ਇਸ ਸਬੰਧੀ ਨਗਰ ਕੌਂਸਲ ਤੇ ਸਬੰਧਤ ਮਹਿਕਮੇ ਨੂੰ ਕਹਿਣ ਦੇ ਬਾਵਜੂਦ ਵੀ ਇਸ ਸੜਕ ਨੂੰ ਨਹੀਂ ਬਣਾਇਆ ਜਾ ਰਿਹਾ। ਇੱਕ ਦੋ ਵਾਰੀ ਪਹਿਲਾ ਵੀ ਟੋਏ ਭਰਨ ਦੇ ਨਾਅ ਤੇ ਵਿਭਾਗ ਵੱਲੋਂ ਖਾਣਾਪੂਰਤੀ ਕੀਤੀ ਸੀ ਪਰ ਸਮੱਸਿਆ ਫਿਰ ਜਿਉਂ ਦੀ ਤਿਉਂ ਹੋ ਗਈ। ਸਡਕੀ ਹਾਦਸਿਆਂ ਤੋਂ ਦੁੱਖੀ ਲੋਕਾਂ ਨੇ ਰੋਸ ਵਜੋਂ ਅੱਜ ਧਰਨਾ ਲਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸ ਦੇ ਪ੍ਰਧਾਨ ਮਲਕੀਤ ਸਿੰਘ ਭੁੱਲਰ, ਸਮਾਜਸੇਵੀ ਰਾਜਵੀਰ ਰਾਜੂ, ਸਮਾਜਸੇਵੀ ਸੰਦੀਪ ਗੁੰਬਰ ਨੇ ਕਿਹਾ ਕਿ ਇਸ ਸੜਕ ਨੂੰ ਬਣੇ ਕਈ ਸਾਲ ਲੰਘ ਚੁੱਕੇ ਨੇ। ਇਸ ਰੋਡ ਦੀ ਹਾਲਤ ਕਾਫੀ ਨਾਜ਼ਕ ਹੋ ਚੁੱਕੀ ਹੈ ਤੇ ਆਏ ਦਿਨ ਹੀ ਹਾਦਸੇ ਹੁੰਦੇ ਰਹਿੰਦੇ ਨੇ। ਹੈਰਾਨੀ ਦੀ ਗੱਲ ਹੈ ਕਿ ਅਨੇਕਾਂ ਵਾਰੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਹੋਰ ਅਧਿਕਾਰੀ ਵੀ ਇੱਥੋਂ ਲੰਘਦੇ ਨੇ, ਪਰ ਉਨਾਂ ਅੱਜ ਤੱਕ ਇਸ ਸਮੱਸਿਆ ਵੱਲ ਧਿਆਣ ਨਹੀਂ ਦਿੱਤਾ। ਉਨਾਂ ਚਿਤਾਵਨੀ ਦਿੱਤੀ ਕਿ ਇਸ ਸੜਕ ਨੂੰ ਬਣਵਾਉਣ ਤੱਕ ਉਨਾਂ ਦਾ ਸੰਘਰਸ਼ ਜਾਰੀ ਰਹੇਗਾ। ਅੱਜ ਤਾਂ ਪਹਿਲੇ ਗੇੜ ਵਜੋਂ ਇਹ ਧਰਨਾ ਲਾਇਆ ਗਿਆ ਹੈ, ਆਉਣ ਵਾਲੇ ਦਿਨਾਂ ਚ ਭੁੱਖ ਹੜ੍ਹਤਾਲ ਤੇ ਰੋਡ ਜਾਮ ਕੀਤੇ ਜਾਣਗੇ। ਹਾਲਾਂਕਿ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਤੇ 23 ਨੰਬਰ ਵਾਰਡ ਦੇ ਕੌਂਸਲਰ ਰਵੀ ਮੋਰਿਆ ਵੀ ਪਹੁੰਚੇ। ਜਿਨਾਂ ਨੂੰ ਭੜਕੇ ਹੋਏ ਲੋਕਾਂ ਨੇ ਖੂਬ ਖਰੀਆਂ-ਖਰੀਆਂ ਸੁਣਾਈਆਂ। ਲੋਕਾਂ ਨੇ ਕਿਹਾ ਕਿ ਉਨਾਂ ਅੱਜ ਤੱਕ ਆਪਣੇ ਮੁਹੱਲੇ ਦਾ ਕੌਂਸਲਰ ਹੀ ਨਹੀਂ ਦੇਖਿਆ ਹੈ ਕਿ ਕੌਣ ਹੈ ਕਿਉਂਕਿ ਚੋਣ ਜਿੱਤਣ ਮਗਰੋਂ ਉਹ ਇੱਧਰ ਆਇਆ ਹੀ ਨਹੀਂ। ਲੋਕਾਂ ਨੇ ਨਗਰ ਕੌਂਸਲ ਪ੍ਰਧਾਨ ਤੇ ਵਰਦਿਆਂ ਸੜਕ ਨਵੇਂ ਸਿਰਿਓ ਬਣਾਉਣ ਦੀ ਮੰਗ ਕੀਤੀ। ਜਿਸ ਤੇ ਪ੍ਰਧਾਨ ਸ਼ੰਮੀ ਤੇਰੀਆ ਨੇ ਕਿਹਾ ਕਿ ਇਹ ਸੜਕ ਮੰਡੀਕਰਨ ਬੋਰਡ ਅਧੀਨ ਆਉਂਦੀ ਹੈ। ਸ਼ਹਿਰ ਦੀਆਂ ਲਗਭਗ 8 ਸੜਕਾਂ ਨਵੀਆਂ ਬਣਨ ਵਾਲੀਆਂ ਨੇ। ਜਿਸ ਚ ਇਹ ਸੜਕ ਵੀ ਸ਼ਾਮਲ ਹੈ। ਉਨਾਂ ਇਸ ਸਬੰਧੀ ਅਸਟੀਮੈਟ ਬਣਾ ਕੇ ਭੇਜਿਆ ਹੋਇਆ ਹੈ ਤੇ ਦੋ ਤੋਂ ਢਾਈ ਮਹੀਨੇ ਵਿੱਚ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਫਿਲਹਾਲ ਉਹ ਇੱਕ-ਦੋ ਦਿਨ ਅੰਦਰ ਰੋਡ ਤੇ ਬਜਰੀ ਪਵਾ ਕੇ ਟੋਏ ਭਰਵਾ ਦਿੰਦੇ ਨੇ ਤਾਂ ਜੋ ਹਾਦਸੇ ਨਾ ਹੋਣ। ਜਿਵੇਂ ਵੀ ਬਰਸਾਤੀ ਮੌਸਮ ਖ਼ਤਮ ਹੋਵੇਗਾ ਉਵੇਂ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਸ਼ਮੀਰ ਵੱਟੂ, ਮਨਜਿੰਦਰ ਸਿੰਘ ਬਰੀਵਾਲਾ, ਮੁੱਹਲਾਵਾਸੀ ਸੁਰਿੰਦਰ ਕੁਮਾਰ, ਮਾੜੂ ਰਾਮ, ਮੱਖਣ ਸਿੰਘ, ਸਾਹਿਲ ਕੁਮਾਰ, ਰੋਸ਼ਨ ਲਾਲ, ਮੋਹਨ ਲਾਲ, ਲੱਖਾ, ਸੀਟਾ, ਰਵੀ ਮੁਜਰਾਲ, ਸੋਨੂੰ ਧਨਵਾਡੀਆ, ਸ਼ੇਰੂ ਕਟਾਰੀਆ, ਗਗਨ, ਇੰਦਰਜੀਤ, ਪ੍ਰਦੀਪ ਕੁਮਾਰ, ਜੈਪਾਲ, ਰਾਜਵੀਰ, ਅਮਨਦੀਪ, ਬਲਦੇਵ ਕੁਮਾਰ, ਟੀਟੂ, ਚਿਮਨ ਲਾਲ, ਦੁੱਲੀ ਕੁਮਾਰ, ਕ੍ਰਿਸ਼ਨ ਕੁਮਾਰ, ਰਾਜੇਸ਼ ਕੁਮਾਰ, ਰਜਿੰਦਰ ਕੁਮਾਰ, ਸੁਦੇਸ਼ ਸ਼ਰਮਾ, ਸੋਨੂੰ ਵੈਲਡਿੰਗ ਵਾਲਾ ਸਮੇਤ ਵੱਡੀ ਗਿਣਤੀ ਚ ਲੋਕ ਧਰਨੇ ਚ ਸ਼ਾਮਲ ਹੋਏ।





