ਸ੍ਰੀ ਅਨੰਦਪੁਰ ਸਾਹਿਬ ਭਾਰਦਵਾਜ ਨਵਰਾਤਰਿਆਂ ਦੇ ਪਵਿੱਤਰ ਦਿਨਾਂ ਦੌਰਾਨ ਮਾਂ ਨੈਣਾ ਦੇਵੀ ਦੇ ਦਰਸ਼ਨ ਲਈ ਹਰ ਸਾਲ ਲੱਖਾਂ ਸ਼ਰਧਾਲੂ ਹਾਜ਼ਰੀ ਭਰਨ ਆਉਂਦੇ ਹਨ। ਇਨ੍ਹਾਂ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ‘ਜੈ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਨੂਰਪੁਰਬੇਦੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਡਿਪਟੀ ਕਮਿਸ਼ਨਰ ਬਿਲਾਸਪੁਰ, ਅਤੇ ਮੰਦਿਰ ਅਧਿਕਾਰੀ ਨੈਣਾ ਦੇਵੀ ਮੰਦਰ ਨੂੰ ਇੱਕ ਮੰਗ ਪੱਤਰ ਭੇਜ ਕੇ ਵੱਡੀ ਮੰਗ ਉਠਾਈ ਗਈ ਹੈ। ਮੰਗ ਪੱਤਰ ਰਾਹੀਂ ਕਮੇਟੀ ਨੇ ਨਵਰਾਤਰਿਆਂ ਦੌਰਾਨ ਹਿਮਾਚਲ ਪ੍ਰਦੇਸ਼ ‘ਚ ਲੱਗਦੇ ਟੋਲ ਟੈਕਸ ਅਤੇ ਐਂਟਰੀ ਟੈਕਸ ਨੂੰ ਅਸਥਾਈ ਤੌਰ ‘ਤੇ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਦੀਪਕ ਪੁਰੀ ਨੇ ਕਿਹਾ ਕਿ ਪਿਛਲੇ ਸਾਲਾਂ ‘ਚ ਪੰਜਾਬ ਸਰਕਾਰ ਵੱਲੋਂ ਕੀਰਤਪੁਰ ਸਾਹਿਬ ਨੇੜੇ ਟੋਲ ਟੈਕਸ ਨੂੰ ਅਸਥਾਈ ਤੌਰ ‘ਤੇ ਹਟਾ ਦਿੱਤਾ ਗਿਆ ਸੀ, ਜਿਸ ਨਾਲ ਨੈਣਾ ਦੀ ਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੀ ਸੀ। ਹੁਣ ਇਸੀ ਤਰਜ ਤੇ ਹਿਮਾਚਲ ਪ੍ਰਦੇਸ਼ ‘ਚ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਨਵਰਾਤਰਿਆਂ ਦੌਰਾਨ ਟੋਲ ਟੈਕਸ ਤੇ ਐਂਟਰੀ ਟੈਕਸ ਬੰਦ ਕਰਨੇ ਚਾਹੀਦੇ ਹਨ। ਇਸੇ ਦੇ ਨਾਲ ਮਾਤਾ ਨੈਣਾ ਦੇਵੀ ਧਾਮ ਅਤੇ ਆਸਪਾਸ ਦੇ ਖੇਤਰਾਂ ਵਿੱਚ ਮੌਜੂਦ ਸ਼ਰਾਬ ਦੇ ਠੇਕਿਆਂ ਨੂੰ ਵੀ ਨਵਰਾਤਰਿਆਂ ਦੌਰਾਨ ਬੰਦ ਕਰਨ ਦੀ ਮੰਗ ਕੀਤੀ ਗਈ ਹੈ, ਤਾਂ ਜੋ ਧਾਰਮਿਕ ਵਾਤਾਵਰਣ ਦੀ ਪਵਿੱਤਰਤਾ ਬਣੀ ਰਹੇ ਅਤੇ ਸ਼ਰਧਾਲੂਆਂ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ। ਪੁਰੀ ਨੇ ਦੱਸਿਆ ਕਿ ਮੰਦਰ ਦੇ ਰਸਤੇ ‘ਚ ਸ਼ਰਾਬ ਦੇ ਠੇਕੇ ਹੋਣ ਕਰਕੇ ਕਈ ਵਾਰੀ ਸ਼ਰਧਾਲੂਆਂ ਨੂੰ ਅਸਹਿਜਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੰਗ ਪੱਤਰ ਸਿਰਫ਼ ਇੱਕ ਪ੍ਰਸਤਾਵ ਨਹੀਂ, ਸਗੋਂ ਲੱਖਾਂ ਭਗਤਾਂ ਦੀ ਅਵਾਜ਼ ਹੈ। ਮੰਗ ਪੱਤਰ ਭੇਜਣ ਮੌਕੇ ਹਾਜ਼ਰ ਕਮੇਟੀ ਦੇ ਮੈਂਬਰਾਂ ਨੇ ਉਮੀਦ ਜਤਾਈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਤੇ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੋਈ ਸਾਡੀ ਮੰਗ ਨੂੰ ਪ੍ਰਵਾਨ ਕਰੇਗੀ।ਇਸ ਮੌਕੇ ਉਹਨਾਂ ਦੇ ਨਾਲ ਕਮੇਟੀ ਮੈਂਬਰ ਸੁਸ਼ੀਲ ਸ਼ਰਮਾ, ਮਨੀਸ਼ ਰਾਣਾ, ਗੁਰਪ੍ਰੀਤ ਸਿੰਘ, ਦਿਨੇਸ਼ ਕੁਮਾਰ ਮਾਨ, ਅੰਕੁਸ਼ ਕੁਮਾਰ, ਪੰਡਿਤ ਪਿਊਸ਼ ਸ਼ਾਸਤਰੀ, ਵਿਵੇਕ ਕੁਮਾਰ ਹਾਜ਼ਰ ਸਨ।






